ਫਾਜ਼ਿਲਕਾ ਨਗਰ ਕੌਂਸਲ ਵੱਲੋਂ 1 ਜੁਲਾਈ ਤੋਂ 31 ਜੁਲਾਈ ਤੱਕ ਸਫਾਈ ਅਪਣਾਓ ਬਿਮਾਰੀ ਭਜਾਓ ਥੀਮ ਦੇ ਤਹਿਤ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ

– ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਕੀਤੀਆਂ ਜਾਣਗੀਆਂ ਸਫਾਈ ਗਤੀਵਿਧੀਆਂ
(Rajinder Kumar) ਫਾਜ਼ਿਲਕਾ, 30 ਜੂਨ 2025: ਪੰਜਾਬ ਸਰਕਾਰ ਵੱਲੋਂ ਆਲਾ ਦੁਆਲਾ ਸਾਫ-ਸੁਥਰਾ ਬਣਾਉਣ ਅਤੇ ਬਿਮਾਰੀਆਂ ਮੁਕਤ ਵਾਤਾਵਰਣ ਦੀ ਸਿਰਜਣਾ ਲਈ ਸਮੇਂ ਸਮੇਂ ‘ਤੇ ਵਿਸ਼ੇਸ਼ ਅਭਿਆਨ ਚਲਾਏ ਜਾਂਦੇ ਹਨ। ਇਸੇ ਲਗਾਤਾਰਤਾ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕਾਰਜ ਸਾਧਕ ਅਫਸਰ ਸ. ਗੁਰਦਾਸ ਸਿੰਘ ਦੀ ਅਗਵਾਈ ਹੇਠ 1 ਜੁਲਾਈ ਤੋਂ 31 ਜੁਲਾਈ 2025 ਤੱਕ ਸਫਾਈ ਅਪਣਾਓ, ਬਿਮਾਰੀ ਭਜਾਓ ਥੀਮ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਹੈ।
ਕਾਰਜ ਸਾਧਕ ਅਫਸਰ ਨੇ ਕਿਹਾ ਕਿ ਨਗਰ ਕੌਂਸਲ ਸ਼ਹਿਰ ਦੀ ਸਾਫ-ਸਫਾਈ ਲਈ ਲਗਾਤਾਰ ਕਾਰਜਸੀਲ ਹੈ। ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਸਾਂਝੇ ਯਤਨਾ ਸਦਕਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਵੱਖ-ਵੱਖ ਮੁਹੱਲਿਆਂ, ਸਕੂਲਾਂ, ਚੌਕਾਂ ਵਿਚ ਵਿਸ਼ੇਸ਼ ਗਤੀਵਿਧੀਆਂ ਉਲੀਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਸਿਹਤ ਵਿਭਾਗ, ਬਾਲ ਸੁਰੱਖਿਆ ਵਿਭਾਗ, ਸਿਖਿਆ ਵਿਭਾਗ ਆਦਿ ਮਿਲਜੁਲ ਕੇ ਗਤੀਵਿਧੀਆਂ ਕਰਨਗੇ ਅਤੇ ਸਾਫ-ਸੁਥਰਾ ਮਾਹੌਲ ਪੈਦਾ ਕਰਨ ਲਈ ਜਾਗਰੂਕਤਾ ਫੈਲਾਉਣਗੇ।
ਨਗਰ ਕੌਂਸਲ ਤੋਂ ਸੁਪਰਡੈਂਟ ਨਰੇਸ਼ ਖੇੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਫ-ਸੁਥਰਾ ਵਾਤਾਵਰਣ ਕਾਇਮ ਕਰਨ ਲਈ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਪਲਾਸਟਿਕ ਦੀ ਵਰਤੋਂ ਕਰਨ ਦੀ ਬਜਾਏ ਕੱਪੜੇ ਦੇ ਬਣੇ ਕੈਰੀ ਬੈਗ ਦੀ ਵਰਤੋਂ ਕਰਨ ਸਬੰਧੀ ਵੀ ਲੋਕਾਂ ਨੂੰ ਸ਼ੰਦੇਸ਼ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਦੀਆਂ ਸਮੂਹ ਐਨ.ਜੀ.ਓਜ, ਸਮਾਜ ਸੇਵੀ ਸੰਸਥਾਵਾਂ ਨੂੰ ਇਸ ਮੁਹਿੰਮ ਨਾਲ ਜੁੜਦਿਆਂ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।