ਪੰਜਾਬ ਸਰਕਾਰ ਨੇ ਐਸਸੀ ਭਾਈਚਾਰੇ ਦੇ ਲੋਕਾਂ ਦੇ 67.84 ਕਰੋੜ ਰੁਪਏ ਦੇ ਕਰਜੇ ਮਾਫ ਕੀਤੇ- ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

– ਫਾਜ਼ਿਲਕਾ ਹਲਕੇ ਦੇ 33 ਲਾਭਪਾਤਰੀਆਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡੇ
(Rajinder Kumar) ਫਾਜਿਲਕਾ, 30 ਜੂਨ 2025: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਵਿੱਤ ਨਿਗਮ ਤੋਂ ਕਰਜ਼ਾ ਲੈਣ ਵਾਲੇ ਐਸਸੀ ਭਾਈਚਾਰੇ ਦੇ 4727 ਲੋਕਾਂ ਦਾ 67.84 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਹੈ। ਇਹ ਗੱਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਇੱਥੇ ਮਾਰਕੀਟ ਕਮੇਟੀ ਵਿਖੇ ਹੋਏ ਇੱਕ ਸਮਾਗਮ ਦੌਰਾਨ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਉਕਤ ਸਕੀਮ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡਣ ਮੌਕੇ ਆਖੀ।
ਵਿਧਾਇਕ ਨੇ ਆਖਿਆ ਕਿ ਜਿਨਾਂ ਲੋਕਾਂ ਨੇ ਵੀ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਵਿੱਤ ਕਾਰਪੋਰੇਸ਼ਨ ਤੋਂ 31 ਮਾਰਚ 2020 ਤੋਂ ਪਹਿਲਾ ਜੋ ਵੀ ਕਰਜ਼ਾ ਲਿਆ ਸੀ ਉਹ ਸਾਰੇ ਕਰਜ਼ੇ ਮਾਫ ਕਰ ਦਿੱਤੇ ਗਏ ਹਨ। ਉਨਾਂ ਨੇ ਕਿਹਾ ਕਿ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ 33 ਲੋਕਾਂ ਨੂੰ ਇਸ ਸਕੀਮ ਦਾ ਲਾਭ ਹੋਇਆ ਹੈ ਅਤੇ ਉਹਨਾਂ ਦੇ 72 ਲੱਖ 13 ਹਜਾਰ 919 ਰੁਪਏ ਮਾਫ ਹੋਏ ਹਨ, ਜਦਕਿ ਪੂਰੇ ਫਾਜ਼ਿਲਕਾ ਜ਼ਿਲੇ ਵਿੱਚ ਇਸ ਸਕੀਮ ਦਾ ਲਾਭ 266 ਲੋਕਾਂ ਨੂੰ ਮਿਲਿਆ ਹੈ ਅਤੇ 4.97 ਕਰੋੜ ਰੁਪਏ ਦੇ ਕਰਜ਼ੇ ਮਾਫ ਹੋਏ ਹਨ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੋਵਿਡ ਅਤੇ ਹੋਰ ਸਮੱਸਿਆਵਾਂ ਕਾਰਨ ਸਾਡੇ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਬਕਾਏ ਅਦਾ ਕਰਨ ਵਿੱਚ ਦਿੱਕਤ ਆ ਰਹੀ ਸੀ ਜਿਸ ਦੇ ਚੱਲਦਿਆਂ ਸਰਕਾਰ ਨੇ ਉਹਨਾਂ ਦੀ ਮੁਸ਼ਕਿਲ ਨੂੰ ਸਮਝਦਿਆਂ ਇਹ ਕਰਜ਼ੇ ਮਾਫ ਕੀਤੇ ਹਨ।
ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕ ਹਿਤਾਂ ਤੇ ਪਹਿਰਾ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੇ ਹਾਂ । ਇਸ ਮੌਕੇ ਫਾਜ਼ਿਲਕਾ ਦੇ ਐਸ ਡੀ ਐਮ ਵੀਰ ਪਾਲ ਕੌਰ, ਪੀਸੀਐਸ, ਪੰਜਾਬ ਅਨੁਸੂਚਿਤ ਜਾਤੀਆਂ ਤੇ ਭੋਂ ਵਿਕਾਸ ਵਿੱਤ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਤਲਵਿੰਦਰ ਸਿੰਘ ਵੀ ਹਾਜ਼ਰ ਸਨ।