ਸਾਕੇਤ ਹਸਪਤਾਲ ਵਿਖੇ ਫਸਟ ਏਡ ਟ੍ਰੇਨਿੰਗ ਸੈਂਟਰ ਸ਼ੁਰੂ ਹੋਵੇਗਾ

(Rajinder Kumar) ਪਟਿਆਲਾ, 27 ਜੂਨ 2025: ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਆਈ.ਏ.ਐਸ ( ਸੇਵਾ ਮੁਕਤ) ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪਟਿਆਲਾ ਵਿਖੇ ਕੰਡਕਟਰਾਂ ਡਰਾਈਵਰਾਂ, ਨੈਨੀ, ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ, ਦਾਖਲ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਆਮ ਲੋਕਾਂ ਨੂੰ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ ਦੀ ਟ੍ਰੇਨਿੰਗ ਜੂਲਾਈ ਦੇ ਪਹਿਲੇ ਹਫ਼ਤੇ ਵਿੱਚ ਰੈੱਡ ਕਰਾਸ ਸਾਕੇਤ ਹਸਪਤਾਲ ਬਡੂੰਗਰ ਰੋਡ , ਨੇੜੇ ਖਾਲਸਾ ਕਾਲਜ ਪਟਿਆਲਾ ਵਿਖੇ ਦਿੱਤੀ ਜਾਵੇਗੀ। ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਪ੍ਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਟ੍ਰੇਨਿੰਗ ਲੈਣ ਵਾਲੇ ਅਤੇ ਵਿਦੇਸ਼ਾਂ ਵਿੱਚ ਜਾਣ ਵਾਲੇ ਨੋਜਵਾਨਾਂ ਨੂੰ ਟ੍ਰੇਨਿੰਗ ਉਪਰੰਤ ਤੁਰੰਤ ਆਨ ਲਾਈਨ ਸਰਟੀਫਿਕੇਟ ਵੀ ਦੇ ਦਿੱਤਾ ਜਾਵੇਗਾ।
ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਸਹਾਇਕ ਇੰਸਪੈਕਟਰ ਰਾਮ ਸਰਨ ਨੇ ਰੈੱਡ ਕਰਾਸ ਨਸ਼ਾ ਛੁਡਾਊ ਏਕੀਕ੍ਰਿਤ ਸੇਂਟਰ ਦੇ ਡਾਇਰੈਕਟਰ ਅਤੇ ਸਟਾਫ ਮੈਂਬਰਾਂ ਦੇ ਉੱਦਮ, ਹੌਂਸਲੇ, ਇਨਸਾਨੀਅਤ ਪ੍ਰਤੀ ਪ੍ਰੇਮ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਦੇ ਯਤਨਾਂ ਸਦਕਾ, ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਹਜ਼ਾਰਾਂ ਨੋਜਵਾਨਾਂ ਨੂੰ, ਇਸ ਸੇਂਟਰ ਵਿਖੇ ਰੱਖ ਕੇ, ਮੁਫਤ ਇਲਾਜ ਕਾਉਂਸਲਿੰਗ ਭੋਜਨ ਪਾਣੀ ਮੰਜ਼ੇ ਆਦਿ ਪ੍ਰਦਾਨ ਕਰਕੇ, ਨਸ਼ਾ ਮੁਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪਟਿਆਲਾ ਵਿਖੇ ਫਸਟ ਏਡ, ਸੀ.ਪੀ.ਆਰ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਦੀ ਟ੍ਰੇਨਿੰਗ ਦੇਕੇ ਨੋਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਜਾਵੇਗਾ।