ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਬਿਆਸ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਕੀਤਾ ਦੌਰਾ

0

– ਕਿਹਾ, ਸਰਕਾਰ ਵੱਲੋਂ 1.20 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਟੱਡ, ਵਾਧੂ ਫੰਡ ਵੀ ਜਲਦ ਹੋਣਗੇ ਜਾਰੀ

(Krishna Raja) ਹੁਸ਼ਿਆਰਪੁਰ/ਮੁਕੇਰੀਆਂ, 27 ਜੂਨ 2025:  ਮਾਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਐਸ.ਡੀ.ਐਮ ਮੁਕੇਰੀਆਂ ਕਮਲਜੀਤ ਸਿੰਘ ਅਤੇ ਡਰੇਨੇਜ ਵਿਭਾਗ ਦੇ ਐਸ.ਡੀ.ਓ ਸੁਖਪ੍ਰੀਤ ਸਿੰਘ ਦੇ ਨਾਲ ਬਿਆਸ ਦਰਿਆ ਦੇ ਕੰਢੇ ਸਥਿਤ ਪਿੰਡਾਂ ਨੌਸ਼ਹਿਰਾ ਪੱਤਣ, ਹੁਸ਼ਿਆਰਪੁਰ ਕਲੋਤਾ ਅਤੇ ਮਹਿਤਾਬਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਸੰਭਾਵੀ ਹੜ੍ਹਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਅਤੇ ਗੰਭੀਰ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਆਏ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੇ ਪਹਿਲਾਂ ਹੀ 1.20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ, ਜਿਸ ਵਿਚੋਂ ਬਿਆਸ ਦਰਿਆ ਦੇ ਕੰਢਿਆਂ ‘ਤੇ ਸੁਰੱਖਿਆ ਲਈ ਸਟੱਡ (ਰੱਖਿਅਕ ਬੰਨ੍ਹ) ਬਣਾਏ ਗਏ ਹਨ ਅਤੇ ਸਬੰਧਤ ਕੰਮ ਮੁਕੰਮਲ ਕਰ ਲਿਆ ਗਿਆ ਹੈ। ਪਿੰਡ ਵਾਸੀਆਂ ਦੀ ਮੰਗ ‘ਤੇ, ਲੱਗਭਗ 1.5 ਕਰੋੜ ਰੁਪਏ ਦੀ ਵਾਧੂ ਰਾਸ਼ੀ ਵੀ ਜਲਦੀ ਜਾਰੀ ਕੀਤੀ ਜਾਵੇਗੀ ਤਾਂ ਜੋ ਬਾਕੀ ਇਲਾਕਿਆਂ ਵਿਚ ਵੀ ਸਟੱਡ ਨਿਰਮਾਣ ਸੰਭਵ ਹੋ ਸਕੇ ਅਤੇ ਪਿੰਡਾਂ ਅਤੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਕਿਸਾਨਾਂ ਨੇ ਖਾਸ ਤੌਰ ‘ਤੇ ਸਰਕਾਰ ਵੱਲੋਂ ਖੇਤਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਨੰਬਰਦਾਰ ਬਲਜੀਤ ਸਿੰਘ, ਬਾਬਾ ਮਲਕੀਤ ਸਿੰਘ, ਨੰਬਰਦਾਰ ਅਵਤਾਰ ਸਿੰਘ, ਰਵਿੰਦਰ ਸਿੰਘ ਰੰਮੀ, ਕੁਲਜੀਤ ਸਿੰਘ, ਤਰਸੇਮ ਸਿੰਘ, ਕਿਸਾਨ ਆਗੂ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।

About The Author

Leave a Reply

Your email address will not be published. Required fields are marked *