ਪੰਜਾਬ ਸਰਕਾਰ ਨੇ ‘ਬਲਾਚੌਰ-ਹੁਸ਼ਿਆਰਪੁਰ-ਦਸੂਹਾ’ ਸੜਕ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

0

– ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਕੀਤੇ ਗਏ ਭਰਪੂਰ ਯਤਨ

(Rajinder Kumar) ਹੁਸ਼ਿਆਰਪੁਰ, 24 ਜੂਨ 2025: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ‘ਬਲਾਚੌਰ-ਹੁਸ਼ਿਆਰਪੁਰ-ਦਸੂਹਾ’ ਸੜਕ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਸਬੰਧ ਵਿਚ ਦੋਵਾਂ ਆਗੂਆਂ ਵੱਲੋਂ ਲਿਖੇ ਪੱਤਰਾਂ ਵਿਚ ਉਕਤ ਸੜਕ ਦੀ ਵੱਧਦੀ ਮਹੱਤਤਾ ਅਤੇ ਇਸ ਨੂੰ ਚੌੜਾ ਕਰਨ ਦੀ ਮੰਗ ਨੂੰ ਉਜਾਗਰ ਕੀਤਾ ਗਿਆ ਸੀ।

ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪੱਤਰ ਵਿਚ ਦੱਸਿਆ ਗਿਆ ਹੈ ਕਿ 104.96 ਕਿਲੋਮੀਟਰ ਲੰਬੀ ਇਹ ਸੜਕ (ਸਟੇਟ ਹਾਈਵੇਅ -24) ਬਲਾਚੌਰ ਤੋਂ ਦਸੂਹਾ ਵਾਇਆ ਹੁਸ਼ਿਆਰਪੁਰ ਜਾਂਦੀ ਹੈ, ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਲਿੰਕ ਹੈ। ਇਸ ਰੂਟ ‘ਤੇ ਆਵਾਜਾਈ ਦਾ ਦਬਾਅ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਉਦਯੋਗਿਕ ਇਕਾਈਆਂ, ਟਰਾਂਸਪੋਰਟਰਾਂ ਅਤੇ ਯਾਤਰੀਆਂ ਦੁਆਰਾ ਨਿਯਮਿਤ ਤੌਰ ‘ਤੇ ਵਰਤਿਆ ਜਾਂਦਾ ਹੈ। ਹਾਲਾਂਕਿ ਸੜਕ ਦੀ ਚੌੜਾਈ ਸੀਮਿਤ ਹੋਣ ਕਾਰਨ, ਟ੍ਰੈਫਿਕ ਜਾਮ, ਦੁਰਘਟਨਾਵਾਂ ਅਤੇ ਆਵਾਜਾਈ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਪੰਜਾਬ ਸਰਕਾਰ ਦੇ ਪੱਤਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਇਸ ਰਸਤੇ ਨੂੰ ਰਾਸ਼ਟਰੀ ਰਾਜਮਾਰਗ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਚੌੜਾ ਕੀਤਾ ਜਾਂਦਾ ਹੈ, ਤਾਂ ਇਸ ਨਾਲ ਨਾ ਸਿਰਫ਼ ਆਵਾਜਾਈ ਸੁਰੱਖਿਆ ਵਧੇਗੀ ਬਲਕਿ ਵਪਾਰ, ਉਦਯੋਗ ਅਤੇ ਲੋਕਾਂ ਦੀ ਆਵਾਜਾਈ ਨੂੰ ਵੀ ਲਾਭ ਹੋਵੇਗਾ। ਇਹ ਰਸਤਾ ਰਣਨੀਤਕ ਤੌਰ ‘ਤੇ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਉੱਤਰੀ ਪੰਜਾਬ ਨੂੰ ਵੱਡੇ ਉਦਯੋਗਿਕ ਕੇਂਦਰਾਂ ਨਾਲ ਜੋੜਦਾ ਹੈ ਅਤੇ ਅੰਤਰ-ਰਾਜੀ ਸੰਪਰਕ ਦੀ ਸਹੂਲਤ ਵੀ ਦੇਵੇਗਾ।

ਪੱਤਰ ਵਿਚ ਕਿਹਾ ਗਿਆ ਹੈ ਕਿ ਫੀਲਡ ਦਫ਼ਤਰ ਤੋਂ ਪ੍ਰਾਪਤ ਰਿਪੋਰਟ ਦੇ ਅਨੁਸਾਰ ਇਸ ਰੂਟ ‘ਤੇ ਮੌਜੂਦਾ ਰੋਜ਼ਾਨਾ ਆਵਾਜਾਈ ਦਾ ਅੰਕੜਾ 23,198 ਪੀ.ਸੀ.ਯੂ (ਯਾਤਰੀ ਕਾਰ ਯੂਨਿਟ) ਹੈ, ਜੋ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਾਰ ਮਾਰਗੀ ਬਣਾਉਣ ਲਈ ਯੋਗ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਕੁੱਲ ਲੰਬਾਈ 104.96 ਕਿਲੋਮੀਟਰ ਹੈ, ਜਿਸ ਵਿਚ ਕੈਰੇਜਵੇਅ ਦੀ ਚੌੜਾਈ 10 ਮੀਟਰ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਦਰਭ ਵਿਚ, ਉਨ੍ਹਾਂ ਵੱਲੋਂ 19 ਮਾਰਚ 2025 ਨੂੰ ਇਕ ਪੱਤਰ ਰਾਹੀਂ ਉਕਤ ਰਸਤੇ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦੀ ਬੇਨਤੀ ਵੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਰਸਤੇ ਦੀ ਰਣਨੀਤਕ ਮਹੱਤਤਾ ਅਤੇ ਮੌਜੂਦਾ ਜ਼ਰੂਰਤਾਂ ਦੇ ਮੱਦੇਨਜ਼ਰ, ਇਸ ਸੜਕ ਨੂੰ ਜਲਦੀ ਤੋਂ ਜਲਦੀ ਰਾਸ਼ਟਰੀ ਰਾਜਮਾਰਗ ਘੋਸ਼ਿਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਤਾਂ ਜੋ ਇਸ ਦੇ ਵਿਕਾਸ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾ ਸਕੇ।

About The Author

Leave a Reply

Your email address will not be published. Required fields are marked *