ਭਾਸ਼ਾ ਵਿਭਾਗ ਵੱਲੋਂ ਗੁਲ ਆਬ ਦੀ ਪਹਿਲੀ ਕਾਵਿ ਕਿਤਾਬ ‘ਸੁਰਖ਼-ਆਬ’ ਜਾਰੀ

(Krishna Raja) ਮਾਨਸਾ, 23 ਜੂਨ 2025: ਸਥਾਨਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਕਵੀ ਗੁਲ ਆਬ ਦੀ ਪਹਿਲੀ ਕਾਵਿ ਕਿਤਾਬ ‘ਸੁਰਖ਼-ਆਬ’ ਜਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਗੁਲ ਆਬ ਦੀ ਪਲੇਠੀ ਕਿਤਾਬ ਜ਼ਿੰਦਗੀ ਦੇ ਛੋਟੇ ਛੋਟੇ ਅਹਿਸਾਸਾਂ ਨੂੰ ਕਾਵਿਕ ਅੰਦਾਜ਼ ਵਿਚ ਪ੍ਰਸਤੁੱਤ ਕਰਦੀ ਹੈ। ਉੱਘੇ ਨਾਵਲਕਾਰ ਅਜ਼ੀਜ਼ ਸਰੋਏ ਨੇ ਕਿਹਾ ਕਿ ਕਾਵਿ ਪੁਸਤਕ ਵਿਚ ਖਿਆਲਾਂ ਦੀ ਤਾਜ਼ਗੀ ਅਤੇ ਉੱਚੀ ਉਡਾਣ ਹੈ। ਕਵੀ ਨੇ ਘੱਟ ਸ਼ਬਦਾਂ ਵਿਚ ਵੱਡੀ ਗੱਲ ਆਖੀ ਹੈ। ਡਾ. ਕੁਲਦੀਪ ਚੌਹਾਨ ਨੇ ਕਿਹਾ ਕਿ ਕਵੀ ਨੇ ਆਪਣੀ ਪਹਿਲੀ ਕਿਤਾਬ ਵਿਚ ਬਹੁਤ ਹੀ ਸਾਦਗੀ ਨਾਲ ਆਪਣੇ ਜ਼ਜਬਿਆਂ ਨੂੰ ਪਰੋਇਆ ਹੈ।
ਇਸ ਤੋਂ ਪਹਿਲਾਂ ਕਵੀ ਗੁਲ ਆਬ ਨੇ ਕਿਤਾਬ ਵਿਚੋਂ ਕੁੱਝ ਕਵਿਤਾਵਾਂ ਦਾ ਪਾਠ ਕੀਤਾ। ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਕਵਿਤਾ ਬਿਨ ਜ਼ਖ਼ਮ ਦੇ ਚੀਸ ਵਰਗੀ ਕੋਈ ਸ਼ੈਅ ਹੈ। ਖੁਸ਼ੀ ਦੇ ਹੰਝੂਆਂ ਜਿਹਾ ਉਦਾਸ ਰਹਿਣ ਵਾਲਾ ਕੋਈ ਮਿੱਠਾ ਅਹਿਸਾਸ ਹੈ।
ਰਿਲੀਜ਼ ਮੌਕੇ ਕਵੀ ਪਰਾਗ, ਗੁਰਪ੍ਰੀਤ, ਸਰਬਜੀਤ ਸਿੰਘ, ਚਮਨ ਲਾਲ ਅਤੇ ਅਰਸ਼ਦੀਪ ਸਿੰਘ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।