ਯੋਗ ਮਨੁੱਖੀ ਜੀਵਨ ਵਿੱਚ ਸ਼ਾਂਤੀ, ਤੰਦਰੁਸਤੀ ਅਤੇ ਆਤਮਿਕ ਬਲ ਦਾ ਸਰੋਤ : ਵਿਧਾਇਕ ਗੁਰਲਾਲ ਘਨੌਰ

– ਕਿਹਾ, ਯੋਗ ਸਿਰਫ਼ ਕਸਰਤ ਨਹੀਂ ਸਗੋਂ ਸਾਡੇ ਦੇਸ਼ ਦੀ ਵਿਰਾਸਤੀ ਧਰੋਹਰ ਨਾਲ ਜੁੜਨ ਦੀ ਲੋੜ
– ਪਿੰਡ ਉਲਾਣਾ ‘ਚ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਯੋਗ ਕਲਾਸ ‘ਚ ਲਿਆ ਹਿੱਸਾ
(Krishna Raja) ਘਨੌਰ, 21 ਜੂਨ 2025: ਹਲਕਾ ਘਨੌਰ ਦੇ ਪਿੰਡ ਉਲਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਸੀ.ਐਮ. ਦੀ ਯੋਗਸ਼ਾਲਾ” ਪ੍ਰੋਜੈਕਟ ਤਹਿਤ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਵਿੱਚ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਯੋਗਾ ਕਲਾਸ ਵਿੱਚ ਹਿੱਸਾ ਲਿਆ।
ਯੋਗਾ ਕਲਾਸ ਉਪਰੰਤ ਵਿਧਾਇਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੋਗ ਸਾਡੇ ਦੇਸ਼ ਦੀ ਪੁਰਾਤਨ ਅਤੇ ਵਿਸ਼ਵ ਪੱਧਰੀ ਵਿਰਾਸਤ ਹੈ ਜੋ ਸਾਡੀ ਤੰਦਰੁਸਤੀ ਅਤੇ ਆਤਮ ਸ਼ਕਤੀ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਅਤੇ ਤਕਨਾਲੋਜੀ ਨਾਲ ਭਰਪੂਰ ਯੁੱਗ ਵਿੱਚ ਵਿਅਕਤੀ ਦੀ ਜੀਵਨ ਸ਼ੈਲੀ ਐਨੀ ਵਿਅਸਤ ਹੋ ਗਈ ਹੈ ਕਿ ਉਹ ਆਪਣੇ ਮਨ ਤੇ ਸਰੀਰ ਦੀ ਸਾਂਭ ਕਰਨਾ ਭੁੱਲ ਗਿਆ ਹੈ।
ਵਿਧਾਇਕ ਗੁਰਲਾਲ ਘਨੌਰ ਨੇ ਅੱਗੇ ਕਿਹਾ ਕਿ ਕੰਪਿਊਟਰ ਤੇ ਮੋਬਾਈਲ ਦੀ ਆਦਤ ਕਾਰਨ ਲੋਕਾਂ ਦੀ ਸਰੀਰਕ ਤੇ ਮਾਨਸਿਕ ਤਾਕਤ ਦਿਨੋਂ ਦਿਨ ਘਟ ਰਹੀ ਹੈ। ਅਜਿਹੀ ਸਥਿਤੀ ਵਿੱਚ ਯੋਗ ਹੀ ਇਕ ਅਜਿਹਾ ਹਥਿਆਰ ਹੈ ਜੋ ਮਨੁੱਖ ਨੂੰ ਆਤਮਿਕ ਤਰਲਤਾ, ਧੀਰਜ ਅਤੇ ਤੰਦਰੁਸਤੀ ਪ੍ਰਦਾਨ ਕਰਦਾ ਹੈ। ਵਿਧਾਇਕ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਪੂਰੇ ਘਨੌਰ ਹਲਕੇ ਵਿਚ ਪਬਲਿਕ ਲਈ ਵੱਖ-ਵੱਖ ਸਾਂਝੀਆਂ ਥਾਵਾਂ ਜਿਵੇਂ ਪਾਰਕਾਂ, ਧਰਮਸ਼ਾਲਾਵਾਂ, ਸਕੂਲ ਆਦਿ ਵਿੱਚ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਗਈਆਂ ਹਨ। ਇਸ ਯਤਨ ਵਿੱਚ ਪਿੰਡ ਵਾਸੀਆਂ, ਗ੍ਰਾਮ ਪੰਚਾਇਤਾਂ, ਸਕੂਲ ਅਧਿਆਪਕਾਂ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਤਨਦੇਹੀ ਨਾਲ ਭਾਗ ਲਿਆ।
ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਕਿਹਾ ਕਿ ਇਹ ਸੀ ਐਮ ਦੀ ਯੋਗਸ਼ਾਲਾ ਮੁਹਿੰਮ ਪ੍ਰਤੀ ਪਬਲਿਕ ਚ ਉਤਸ਼ਾਹ ਹੈ, ਜਿਸ ਵਿਚ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਯੋਗਾ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹਨ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਇਹ ਤਸਵੀਰ ਸਿਰਫ਼ ਸਿਹਤਮੰਦ ਭਵਿੱਖ ਦੀ ਨਹੀਂ, ਸਗੋਂ ਸਮਾਜਕ ਜਾਗਰੂਕਤਾ ਅਤੇ ਇੱਕਜੁੱਟਤਾ ਦੀ ਵੀ ਹੈ।
ਇਸ ਮੌਕੇ ਬੀਡੀਪੀਓ ਘਨੌਰ ਜਤਿੰਦਰ ਸਿੰਘ ਢਿੱਲੋਂ, ਸਰਪੰਚ ਰਾਜਿੰਦਰ ਸ਼ਰਮਾ ਉਲਾਣਾ, ਸੈਕਟਰੀ ਇਕਬਾਲ ਸਿੰਘ, ਸੈਕਟਰੀ ਸਿਵਰਤਨ, ਬਲਾਕ ਪ੍ਰਧਾਨ ਪੰਮਾ ਘਨੌਰ, ਕੋਚ ਕੁਲਵੰਤ ਸਿੰਘ ਸੋਟੀ, ਪੰਚ ਰਾਜਿੰਦਰ ਕੁਮਾਰ, ਰਾਮ ਰਤਨ, ਸਰਪੰਚ ਸੋਹਣ ਲਾਲ, ਸ਼ਿਵ ਨਰਾਇਣ, ਸਾਬਕਾ ਸਰਪੰਚ ਰਾਮ ਸਿੰਘ, ਪ੍ਰਵੀਨ ਕੁਮਾਰ, ਗਗਨਦੀਪ ਸਿੰਘ, ਸਮੇਤ ਸਥਾਨਕ ਅਧਿਕਾਰੀ, ਸਕੂਲ ਸਟਾਫ਼, ਗ੍ਰਾਮ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਵੀ ਮੌਜੂਦ ਰਹੇ।