ਜਲ ਜੀਵਨ ਮਿਸ਼ਨ ਦੀ ਕੇਂਦਰੀ ਟੀਮ ਵੱਲੋਂ ਜਿਲੇ ਦਾ ਦੌਰਾ

– ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪੱਤਰੇ ਵਾਲਾ ਵਿਖੇ ਹੋਈ ਬੈਠਕ
(Krishna Raja) ਅਬੋਹਰ (ਫਾਜਿਲਕਾ), 20 ਜੂਨ 2025: ਜਲ ਜੀਵਨ ਮਿਸ਼ਨ ਵੀ ਕੇਂਦਰੀ ਟੀਮ ਵੱਲੋਂ ਜਿਲੇ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਟੀਮ ਵੱਲੋਂ ਜਿਲੇ ਵਿੱਚ ਪੀਣ ਵਾਲੇ ਪਾਣੀ ਸਮੇਤ ਜਲ ਜੀਵਨ ਮਿਸ਼ਨ ਨਾਲ ਜੁੜੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਪੱਤਰੇ ਵਾਲਾ ਵਿਖੇ ਬਣ ਰਹੇ ਸਰਫਸ ਵਾਟਰ ਅਧਾਰਤ ਮੈਗਾ ਵਾਟਰ ਵਰਕਸ ਵਿਖੇ ਇੱਕ ਬੈਠਕ ਕੀਤੀ ਗਈ । ਇਸ ਟੀਮ ਵਿੱਚ ਡਿਪਟੀ ਡਾਇਰੈਕਟਰ ਸ੍ਰੀ ਅਮਿਤ ਕੁਮਾਰ ਅਤੇ ਟੈਕਟੀਕਲ ਆਫੀਸਰ ਸ੍ਰੀ ਜੀ ਬੇਗ ਸ਼ਾਮਿਲ ਹਨ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪੱਤਰੇ ਵਾਲਾ ਵਿਖੇ 397 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਤੇ ਆਧਾਰਿਤ ਵਾਟਰ ਵਰਕਸ ਤਿਆਰ ਕੀਤਾ ਜਾ ਰਿਹਾ ਹੈ ਜਿਸ ਦਾ 84 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ 68 ਐਮਐਲ਼ਡੀ ਦੀ ਸਮਰੱਥਾ ਵਾਲੇ ਇਸ ਵਾਟਰ ਵਰਕਸ ਤੋਂ 122 ਪਿੰਡਾਂ ਅਤੇ 15 ਢਾਣੀਆਂ ਨੂੰ ਪਾਣੀ ਦੀ ਸਪਲਾਈ ਹੋਵੇਗੀ। ਉਹਨ ਨੇ ਕਿਹਾ ਕਿ ਇਥੋਂ 442 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਈ ਜਾਣੀ ਹੈ ਜਿਸ ਵਿੱਚੋਂ 408 ਕਿਲੋਮੀਟਰ ਪਾਈਪਲਾਈਨ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਇਸ ਸਾਲ ਸਤੰਬਰ ਤੱਕ ਇਹ ਪ੍ਰੋਜੈਕਟ ਮੁਕੰਮਲ ਹੋ ਜਾਣ ਦੀ ਉਮੀਦ ਹੈ ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਿਤੇਸ਼ ਗਰਗ ਨੇ ਦੱਸਿਆ ਕਿ ਵਿਭਾਗ ਵੱਲੋਂ ਉੱਚ ਗੁਣਵੱਤਾ ਮਿਆਰਾਂ ਅਨੁਸਾਰ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਬਣਨ ਨਾਲ ਅਬੋਹਰ ਅਤੇ ਖੂਹੀਆਂ ਸਰਵਰ ਬਲਾਕਾਂ ਦੇ ਸਾਰੇ ਪਿੰਡਾਂ ਤੱਕ ਸਾਫ ਪੀਣ ਦਾ ਪਾਣੀ ਪਹੁੰਚੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਭਾਸ਼ ਚੰਦਰ , ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਅੰਮ੍ਰਿਤਪਾਲ ਸਿੰਘ ਭੱਠਲ, ਐਸਡੀਓ ਸ੍ਰੀ ਰਤਨ ਜੋਤ ਸਿੰਘ ਵੀ ਹਾਜ਼ਰ ਸਨ।