ਨਸ਼ਾ ਮੁਕਤੀ ਯਾਤਰਾ : ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਨਸ਼ਾ ਮੁਕਤ ਹੋਣ ਲੱਗੇ : ਡਾ. ਬਲਬੀਰ ਸਿੰਘ

0

– ਲੋਕਾਂ ਦੀ ਸਭ ਤੋਂ ਵੱਡੀ ਮੰਗ ਨਸ਼ਿਆਂ ਦੇ ਖ਼ਾਤਮੇ ਲਈ ਸੂਬੇ ਦੇ ਸਾਰੇ ਮੰਤਰੀ ਤੇ ਵਿਧਾਇਕ ਫ਼ੀਲਡ ‘ਚ : ਸਿਹਤ ਮੰਤਰੀ

– ਕਿਹਾ, ਨਸ਼ਾ ਮੁਕਤੀ ਯਾਤਰਾ ‘ਚ ਸਾਰੇ ਪਿੰਡ ਦੇ ਵਸਨੀਕਾਂ ਦੀ ਸ਼ਮੂਲੀਅਤ ਨਸ਼ਿਆਂ ਦਾ ਕਰੇਗੀ ਜੜ੍ਹ ਤੋਂ ਖਾਤਮਾ

– ਪਿੰਡ ਅਜਨੌਦਾ ਖੁਰਦ ਦੀ ਕੌਮਾਂਤਰੀ ਕਬੱਡੀ ਖਿਡਾਰਨ ਗੁਰਦੀਪ ਕੌਰ ਨੂੰ ਖੇਡ ਵਿਭਾਗ ‘ਚ ਮਿਲੀ ਸਰਕਾਰੀ ਨੌਕਰੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ : ਡਾ. ਬਲਬੀਰ ਸਿੰਘ

(Rajinder Kumar) ਭਾਦਸੋਂ/ਪਟਿਆਲਾ, 30 ਮਈ 2025: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਨਸ਼ਿਆਂ ਦੇ ਖ਼ਾਤਮੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਮੇਤ ਸਾਰੇ ਮੰਤਰੀ ਤੇ ਆਪ ਵਿਧਾਇਕ ਰੋਜ਼ਾਨਾ ਪਿੰਡਾਂ ਤੇ ਵਾਰਡਾਂ ‘ਚ ਜਾ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਵਿੱਢੀ ਇਸ ਲੜਾਈ ਲਈ ਲਾਮਬੰਦ ਕਰ ਰਹੇ ਹਨ ਤੇ ਅਹਿਦ ਲਿਆ ਜਾ ਰਿਹਾ ਹੈ ਕਿ ਜਦ ਤਕ ਸੂਬੇ ਚੋਂ ਨਸ਼ਿਆਂ ਦਾ ਪੂਰਨ ਤੌਰ ‘ਤੇ ਖ਼ਾਤਮਾ ਨਹੀਂ ਹੋ ਜਾਂਦਾ, ਉਦੋਂ ਤੱਕ ਆਰਾਮ ਨਾਲ ਨਹੀਂ ਬੈਠਿਆ ਜਾਵੇਗਾ। ਉਹ ਅੱਜ ਪਟਿਆਲਾ ਦਿਹਾਤੀ ਦੇ ਪਿੰਡ ਅਜਨੌਦਾ ਖੁਰਦ, ਅਜਨੌਦਾ ਕਲਾਂ, ਕਨਸੂਹਾ ਕਲਾਂ, ਪੇਧਨੀ, ਪੇਧਨ ਤੇ ਖੁਰਦ ਵਿਖੇ ਪਿੰਡ ਵਾਸੀਆਂ ਨੂੰ ਇਸ ਲੜਾਈ ਲਈ ਇੱਕਜੁੱਟ ਹੋਣ ਦਾ ਸੁਨੇਹਾ ਦੇਣ ਪੁੱਜੇ ਹੋਏ ਸਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਹੁਣ ਨਸ਼ਾ ਮੁਕਤ ਹੋਣ ਲੱਗੇ ਹਨ, ਉਨ੍ਹਾਂ ਪਿੰਡ ਸਿੱਧੂਵਾਲ ਤੇ ਬਖਸ਼ੀਵਾਲਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਆਪ ਮੁਹਾਰੇ ਕਿਹਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਕਰਨ ਵਾਲੇ ਇੱਕਾ ਦੁੱਕਾ ਵਿਅਕਤੀ ਹਨ ਜਿਨ੍ਹਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੁਡਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਦੇ ਵਸਨੀਕਾਂ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਇਸ ਨਸ਼ੇ ਵਿਰੋਧ ਛੇੜੀ ਜੰਗ ਵਿੱਚ ਕੀਤੀ ਜਾ ਰਹੀ ਸ਼ਮੂਲੀਅਤ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਹੁਣ ਸੂਬੇ ‘ਚੋ ਨਸ਼ਿਆਂ ਦਾ ਜੜ੍ਹ ਤੋਂ ਖਾਤਮਾ ਹੋਵੇਗਾ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਪਿੰਡ ਅਜਨੌਦਾ ਖੁਰਦ ਦੀ ਕੌਮਾਂਤਰੀ ਕਬੱਡੀ ਖਿਡਾਰਨ ਗੁਰਦੀਪ ਕੌਰ ਨੂੰ ਖੇਡ ਵਿਭਾਗ ‘ਚ ਮਿਲੀ ਸਰਕਾਰੀ ਨੌਕਰੀ ਲਈ ਵਧਾਈ ਦਿੰਦਿਆਂ ਕਿਹਾ ਕੇ ਅਜਿਹੇ ਬੱਚੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਜਿਸ ਘਰ ਵਿੱਚ ਨਸ਼ੇ ਵੜ ਜਾਂਦੇ ਹਨ, ਉਹ ਘਰ ਆਰਥਿਕ ਪੱਧਰ ‘ਤੇ ਤਾਂ ਕਮਜ਼ੋਰ ਹੁੰਦਾ ਹੀ ਹੈ, ਨਾਲ ਹੀ ਬਿਮਾਰੀ ਅਤੇ ਹੋਰ ਅਪਰਾਧਿਕ ਮਾਮਲਿਆਂ ‘ਚ ਉਲਝਣ ਕਾਰਨ ਇਕ ਹੱਸਦਾ ਵੱਸਦਾ ਘਰ ਨਸ਼ਿਆਂ ਕਾਰਨ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਮਾਪੇ ਸੁਚੇਤ ਰਹਿਣ ਤੇ ਬੱਚਿਆਂ ਵੱਲੋਂ ਖਾਂਦੀਆਂ ਜਾਂਦੀਆਂ ਟਾਫੀਆਂ ਤੋਂ ਲੈਕੇ ਹਰੇਕ ਖਾਣ ਪੀਣ ਵਾਲੀ ਵਸਤੂ ਦਾ ਧਿਆਨ ਰੱਖਣ ਅਤੇ ਖਾਸ ਤੌਰ ‘ਤੇ ਬੱਚਿਆਂ ਦੀ ਸੰਗਤ ਦਾ ਵੀ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਪਿੰਡ ਸੁਚੇਤ ਹੋਵੇਗਾ ਤਾਂ ਨਸ਼ਾ ਪਿੰਡ ਵਿੱਚ ਦਾਖਲ ਹੀ ਨਹੀਂ ਹੋਵੇਗਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿਣਗੀਆਂ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੀ.ਐਚ.ਸੀ. ਅਜਨੌਦਾ ਦਾ ਦੌਰਾ ਵੀ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ‘ਤੇ ਬਾਜ ਅੱਖ ਰੱਖਣ ਲਈ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਆਪਣੇ ਖੇਤਰ ‘ਚ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਇਲਾਵਾ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਇਲਾਜ ਲਈ ਪ੍ਰੇਰਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਕਿਸੇ ਕਿੱਤਾ ਮੁਖੀ ਕੋਰਸ ਦੀ ਟਰੇਨਿੰਗ ਦੇ ਕੇ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਠੀਕ ਹੋਣ ਤੋਂ ਬਾਅਦ ਆਪਣੇ ਪਰਿਵਾਰ ਦਾ ਸਹਾਰਾ ਬਣ ਸਕਣ।

ਡਾ. ਬਲਬੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਸ ਸਾਂਝੀ ਲੜਾਈ ਨੂੰ ਜਿੱਤਣ ਲਈ ਸਾਨੂੰ ਇੱਕਜੁੱਟ ਹੋਣਾ ਪਵੇਗਾ ਤਾਂ ਹੀ ਅਸੀਂ ਇਸ ਬੁਰਾਈ ਦਾ ਜੜ੍ਹ ਤੋਂ ਖਾਤਮਾ ਕਰ ਸਕਦੇ ਹਾਂ। ਉਨ੍ਹਾਂ ਸਾਰਿਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਵਿਲੇਜ ਡਿਫੈਂਸ ਕਮੇਟੀਆਂ ਦਾ ਸਹਿਯੋਗ ਕਰਨ ਲਈ ਕਿਹਾ। ਇਸ ਮੌਕੇ ਨਸ਼ਾ ਮੁਕਤੀ ਮੋਰਚੇ ਦੇ ਪਟਿਆਲਾ ਦਿਹਾਤੀ ਦੇ ਕੁਆਰਡੀਨੇਟਰ ਯਾਦਵਿੰਦਰ ਗੋਲਡੀ, ਹਰਪਾਲ ਸਿੰਘ ਵਿਰਕ, ਜੈ ਸ਼ੰਕਰ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਡਿਫੈਂਸ ਕਮੇਟੀਆਂ ਦੇ ਮੈਂਬਰ, ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed