ਪਾਤੜਾਂ-ਮੂਣਕ ਰੋਡ ‘ਤੇ ਪਿੰਡ ਖਾਨੇਵਾਲ ਨੇੜੇ ਚੋਅ ਦੇ ਪੁੱਲ ਦੀ ਮੁਰੰਮਤ ਤੇ ਰੇਲਿੰਗ ਲਾਉਣ ਦਾ ਕੰਮ ਸ਼ੁਰੂ

– ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਪੁੱਲ ਨੇੜੇ ਖ਼ਤਰੇ ਦੇ ਨਿਸ਼ਾਨ, ਆਰਜੀ ਰੇਲਿੰਗ, ਕੈਟ ਆਈ ਤੇ ਸਾਈਨ ਬੋਰਡ ਲਾਉਣ ਸਮੇਤ ਕੋਨਾਂ ਰੱਖੀਆਂ-ਡਾ. ਪ੍ਰੀਤੀ ਯਾਦਵ
(Rajinder Kumar) ਪਾਤੜਾਂ, 22 ਮਈ 2025: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਹੈ ਕਿ ਪਾਤੜਾਂ-ਮੂਣਕ ਰੋਡ ‘ਤੇ ਪਿੰਡ ਖਾਨੇਵਾਲ ਨੇੜੇ ਹਾਦਸਿਆਂ ਦਾ ਕਾਰਨ ਬਣ ਰਹੇ ਇੱਕ ਚੋਅ ਦੇ ਪੁੱਲ ਮੁਰੰਮਤ ਕਰਵਾਈ ਜਾਵੇਗੀ। ਹਾਲ ਦੀ ਘੜੀ ਲੋਕ ਨਿਰਮਾਣ ਵਿਭਾਗ ਨੇ ਇਸ ਉਪਰੋਂ ਲੰਘਦੇ ਵਾਹਨਾਂ ਤੇ ਰਾਹਗੀਰਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਇਸ ਉਪਰ ਖ਼ਤਰੇ ਦੇ ਨਿਸ਼ਾਨ, ਕੈਟ ਆਈ, ਸਾਈਨ ਬੋਰਡ, ਆਰਜੀ ਰੇਲਿੰਗ ਅਤੇ ਕੋਨਾਂ ਰੱਖਕੇ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਦਾ ਕੰਮ ਕੀਤਾ ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਬਤ ਫੀਡਬੈਕ ਹਾਸਲ ਹੋਈ ਸੀ ਕਿ ਇਸ ਪੁੱਲ ਦੇ ਘੱਟ ਚੌੜਾ ਹੋਣ ਕਰਕੇ ਅਤੇ ਇਸ ‘ਤੇ ਰੇਲਿੰਗ ਟੁੱਟਣ ਕਰਕੇ ਇਹ ਪੁੱਲ ਹਾਦਸਿਆਂ ਦਾ ਕਾਰਨ ਬਣ ਰਿਹਾ ਸੀ, ਇਸ ਲਈ ਤੁਰੰਤ ਇਸ ਦੀ ਲੋੜੀਂਦੀ ਮੁਰੰਮਤ ਲਈ 4.6 ਲੱਖ ਰੁਪਏ ਦੇ ਫੰਡਾਂ ਦਾ ਪ੍ਰਬੰਧ ਕਰਕੇ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਉਸਾਰੀ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਨਵੀਨ ਮਿੱਤਲ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਕਿ ਜਦੋਂ ਤੱਕ ਇਸ ਪੁੱਲ ਦਾ ਪੱਕਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਸ ਉਪਰ ਆਰਜੀ ਸੁਰੱਖਿਆ ਲਈ ਤੁਰੰਤ ਪ੍ਰਬੰਧ ਕੀਤੇ ਜਾਣ।