ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲੋਕ ਲਹਿਰ ਹੋਈ ਮਜਬੂਤ – ਜਗਦੀਪ ਕੰਬੋਜ ਗੋਲਡੀ

– ਪਿੰਡ ਚੱਕ ਬਨ ਵਾਲਾ, ਘੱਟਿਆਵਾਲੀ ਜੱਟਾਂ ਅਤੇ ਝੋਟਿਆਂ ਵਾਲੀ ਪਹੁੰਚੀ ਨਸ਼ਾ ਮੁਕਤੀ ਯਾਤਰਾ
(Krishna Raja) ਜਲਾਲਾਬਾਦ, 22 ਮਈ 2025: ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲੋਕ ਲਹਿਰ ਮਜਬੂਤ ਹੋ ਚੁੱਕੀ ਹੈ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਢੀ ਜਾ ਰਹੀ ਨਕਸ਼ਾ ਮੁਕਤੀ ਯਾਤਰਾ ਵਿੱਚ ਲੋਕ ਉਤਸਾਹ ਨਾਲ ਜੁੜ ਰਹੇ ਹਨ। ਉਹ ਅੱਜ ਚੱਕ ਬਨ ਵਾਲਾ, ਘੱਟਿਆਂਵਾਲੀ ਜੱਟਾਂ ਅਤੇ ਝੋਟਿਆਂ ਵਾਲੀ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਸਬੰਧ ਵਿੱਚ ਹੋਈਆਂ ਗ੍ਰਾਮ ਸਭਾਵਾਂ ਵਿੱਚ ਸ਼ਿਰਕਤ ਕਰ ਰਹੇ ਸਨ।
ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਜਦੋਂ ਪੂਰਾ ਸਮਾਜ ਪ੍ਰਣ ਕਰ ਲੈਂਦਾ ਹੈ ਤਾਂ ਫਿਰ ਕੋਈ ਵੀ ਸਮਾਜਿਕ ਬੁਰਾਈ ਸਮਾਜ ਵਿੱਚ ਟਿਕ ਨਹੀਂ ਸਕਦੀ। ਉਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਪਿੰਡ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਸਬੰਧੀ ਸੂਚਨਾ ਵਟਸਅੱਪ ਨੰਬਰ 9779100200 ਤੇ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸੇ ਤਰ੍ਹਾਂ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੈ ਤਾਂ ਉਸਦਾ ਇਲਾਜ ਕਰਵਾਇਆ ਜਾਵੇ । ਉਹਨਾਂ ਕਿਹਾ ਕਿ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਯਤਨ ਕਰਾਂਗੇ ਤਾਂ ਸਫਲਤਾ ਮਿਲਣੀ ਯਕੀਨੀ ਹੈ ।
ਇਸ ਮੌਕੇ ਉਨਾਂ ਨੇ ਕਿਹਾ ਕਿ ਨਸ਼ੇ ਰੋਕਣ ਲਈ ਜਿੱਥੇ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਕਰਨੀ ਜਰੂਰੀ ਹੈ ਉੱਥੇ ਇਹ ਵੀ ਜ਼ਰੂਰੀ ਹੈ ਕਿ ਸਮਾਜ ਦਾ ਇੱਕ ਸਾਰ ਸਮਾਜਿਕ ਆਰਥਿਕ ਵਿਕਾਸ ਹੋਵੇ। ਇਸ ਲਈ ਸੂਬਾ ਸਰਕਾਰ ਰਾਜ ਵਿੱਚ ਸਿੱਖਿਆ, ਸਿਹਤ ਖੇਤਰਾਂ ਵਿੱਚ ਸੁਧਾਰ ਦੇ ਨਾਲ ਨਾਲ ਵਿਕਾਸ ਕਾਰਜਾਂ ਨੂੰ ਵੀ ਤਰਜੀਹੀ ਪੱਧਰ ਤੇ ਲਾਗੂ ਕਰ ਰਹੀ ਹੈ ਅਤੇ ਕਿਸਾਨਾਂ ਲਈ ਸਭ ਤੋਂ ਜਰੂਰੀ ਨਹਿਰੀ ਪਾਣੀ ਦੀ ਪਹੁੰਚ ਟੇਲਾਂ ਤੱਕ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦ ਲੋਕ ਆਪਣੇ ਕੰਮ ਕਾਜ ਵਿੱਚ ਲੱਗਣਗੇ ਅਤੇ ਉਨਾਂ ਦੀ ਤਰੱਕੀ ਹੋਵੇਗੀ ਤਾਂ ਉਹ ਨਸ਼ੇ ਵਰਗੀਆਂ ਅਲਾਮਤਾਂ ਤੋਂ ਵੀ ਦੂਰ ਰਹਿਣਗੇ। ਇਸ ਮੌਕੇ ਉਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਇਸ ਮੁਹਿੰਮ ਵਿੱਚ ਜੁੜਨ ਦੀ ਸਹੁੰ ਵੀ ਚੁਕਾਈ। ਇਸ ਮੌਕੇ ਬੀਡੀਪੀਓ ਗਗਨਦੀਪ ਕੌਰ ਵੀ ਹਾਜਰ ਸਨ।