ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੱਸ ਸਟੈਂਡ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ

0

– ਇਸ ਪ੍ਰਤਿਮਾ ਨੂੰ ਤਿਆਰ ਕਰਵਾਉਣ ‘ਤੇ 12.50 ਲੱਖ ਰੁਪਏ ਦੀ ਲਾਗਤ ਆਈ ਹੈ – ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

– ਕੈਬਨਿਟ ਮੰਤਰੀ ਸੌਂਦ ਵੱਲੋਂ ਸਿੱਖ ਮਿਸਲਾਂ ਦੇ ਇਤਿਹਾਸ ਨੂੰ ਕੀਤਾ ਗਿਆ ਯਾਦ

– ਪੰਜਾਬ ਸਰਕਾਰ ਦੀ ਚੰਗੀ ਸੋਚ ਸਦਕਾ ਖੰਨਾ ਪੰਜਾਬ ਦੇ ਸੋਹਣੇ ਤੇ ਸਾਫ਼ ਸੁਥਰੇ ਸ਼ਹਿਰਾਂ ਵਿੱਚ ਆਉਂਦਾ ਹੈ

– ਆਉਣ ਵਾਲੇ ਸਮੇਂ ਵਿੱਚ ਖੰਨਾ ਪੂਰੀ ਤਰ੍ਹਾਂ ਡਸਟ ਫਰੀ ਕੀਤਾ ਜਾਵੇਗਾ

(Krishna raja) ਖੰਨਾ, ਲੁਧਿਆਣਾ, 6 ਮਈ, 2025: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਸਟੈਂਡ ਖੰਨਾ ‘ਤੇ ਸਥਿਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਘੋੜੇ ‘ਤੇ ਸਵਾਰ ਪ੍ਰਤਿਮਾ ਦਾ ਉਦਘਾਟਨ ਕੀਤਾ। ਨਗਰ ਕੌਂਸਲ ਖੰਨਾ ਵੱਲੋਂ ਇਸ ਪ੍ਰਤਿਮਾ ਨੂੰ ਤਿਆਰ ਕਰਵਾਉਣ ‘ਤੇ 12.50 ਲੱਖ ਰੁਪਏ ਦੀ ਲਾਗਤ ਆਈ ਹੈ। ਇਹ ਪ੍ਰਤਿਮਾ ਮੂਰਤੀਕਾਰ ਜਸਵਿੰਦਰ ਸਿੰਘ ਮਹਿੰਦੀਪੁਰ ਵੱਲੋਂ ਤਿਆਰ ਕੀਤੀ ਗਈ ਹੈ।

ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੱਸ ਸਟੈਂਡ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਤਿਮਾ ਸਥਾਪਿਤ ਕਰਨ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਇਸ ਬੱਸ ਸਟੈਂਡ ਦਾ ਕੰਮ ਪੁਰਾਣੀਆਂ ਸਰਕਾਰਾਂ ਦੇ ਸਮੇਂ ਤੋਂ ਅੱਧ-ਵਿਚਕਾਰ ਰੁਕਿਆ ਹੋਇਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਦਿਨ ਤੋਂ ਪੰਜਾਬ ਵਿੱਚ ਆਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਿਛਲੀਆਂ ਸਰਕਾਰਾਂ ਦੇ ਛੱਡੇ ਹੋਏ ਕੰਮ ਪੂਰਾ ਕਰਵਾ ਰਹੀ ਹੈ। ਇੱਥੇ ਉਨ੍ਹਾਂ ਨੇ ਸ਼ਿਲਾਲੇਖ ਲਿਖ ਕੇ ਨੀਂਹ ਪੱਥਰ ਰੱਖ ਦਿੱਤਾ ਸੀ। ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਵਿੱਚ ਇਸ ਬੱਸ ਸਟੈਂਡ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਬਣਾ ਕੇ ਤਿਆਰ ਕੀਤਾ। ਅੱਜ ਇੱਥੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਪ੍ਰਤਿਮਾ ਨੂੰ ਸਥਾਪਿਤ ਕਰਕੇ ਉਸ ਦਾ ਉਦਘਾਟਨ ਰਸਮੀ ਤੌਰ ‘ਤੇ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਦੇਣ ਬਾਰੇ ਬੋਲਦਿਆਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਜਦੋਂ ਰਾਜਿਆਂ ਨਾਲ ਸਿੱਖਾਂ ਦੀਆਂ ਲੜਾਈਆਂ ਹੁੰਦੀਆਂ ਸਨ ਤਾਂ ਉਸ ਸਮੇਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਬਘੇਲ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਮਿਲ ਕੇ ਦਿੱਲੀ ਫਤਿਹ ਕੀਤੀ ਸੀ। ਇਹਨਾਂ ਦੇ ਨਾਲ 30 ਹਜ਼ਾਰ ਸਿੰਘਾਂ ਦਾ ਜੱਥਾ ਗਿਆ ਸੀ। ਉੱਥੇ ਤੀਸ ਹਜ਼ਾਰੀ ਕੋਟ ਵੀ ਬਣੀ ਹੋਈ ਹੈ। ਸੋ ਇਹਨਾਂ ਮਹਾਨ ਜਰਨੈਲਾਂ ਨੂੰ ਯਾਦ ਕਰਦਿਆਂ ਇਸ ਬੱਸ ਸਟੈਂਡ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਰੱਖਿਆ ਗਿਆ ਹੈ।‌

ਸੌਂਦ ਨੇ ਦੱਸਿਆ ਕਿ ਸਿੱਖ ਮਿਸਲਾਂ ਆਪੋ ਆਪਣਾ ਕੰਮ ਦੇਖਦੀਆਂ ਸਨ ਪਰ ਜਦੋਂ ਕਦੇ ਪੰਜਾਬ ਦੀ ਗੱਲ ਆਉਂਦੀ ਸੀ ਤਾਂ ਸਾਰੀਆਂ ਮਿਸਲਾਂ ਇੱਕਮੁੱਠ ਹੋ ਕੇ ਆਪਣੇ ਪੰਜਾਬ ਅਤੇ ਧਰਮ ਦੀ ਰਾਖੀ ਲਈ ਜੰਗ ਕਰਦੀਆਂ ਸਨ। ਬਾਹਰਲੇ ਹਮਲਾਵਰ ਸਾਡੀ ਸੰਸਕ੍ਰਿਤੀ, ਧਰਮ ਅਤੇ ਇੱਜ਼ਤ ‘ਤੇ ਹਮਲਾ ਕਰਦੇ ਸਨ ਤਾਂ ਸਾਡੇ ਯੋਧੇ ਉਹਨਾਂ ਨੂੰ ਇੱਕੀਆਂ ਦੇ ਇਕਵੰਜਾ ਪਾ ਕੇ ਮੋੜਿਆ ਕਰਦੇ ਸਨ। ਜਿਹੜੀਆ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਇਤਿਹਾਸ ਵਿੱਚੋਂ ਗਾਇਬ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਬਹੁਤ ਮਹਾਨ ਹੈ ਫਿਰ ਚਾਹੇ ਅਬਦਾਲੀ ਜਾਂ ਦੁਰਾਨੀ ਆਏ ਹੋਣ, ਉਹਨਾਂ ਦੇ ਖ਼ਿਲਾਫ਼ ਸਾਡੇ ਯੋਧੇ ਲੜੇ, ਜਾਨਾਂ ਵਾਰੀਆਂ ਅਤੇ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ। ਪੰਜਾਬ ਸਰਕਾਰ ਵੱਲੋਂ ਉਸ ਮਹਾਨ ਯੋਧੇ ਨੂੰ ਯਾਦ ਕਰਦਿਆਂ ਉਸ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ। ਇਸ ਲਈ ਪੂਰੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਪੰਜ ਵਾਰ ਅਖ਼ਬਾਰਾਂ ਵਿਚ ਇਹ ਖ਼ਬਰ ਲੱਗੀ ਸੀ ਕਿ ਖੰਨਾ ਸ਼ਹਿਰ ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਅਤੇ ਗੰਦੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ। ਅੱਜ ਸਾਡੀ ਸਰਕਾਰ ਦੀ ਚੰਗੀ ਸੋਚ ਸਦਕਾ ਪੰਜਾਬ ਦੇ ਸੋਹਣੇ ਤੇ ਸਾਫ਼ ਸ਼ਹਿਰਾਂ ਵਿੱਚੋਂ ਖੰਨਾ ਪਹਿਲੇ ਨੰਬਰ ਤੇ ਆਉਂਦਾ ਹੈ।

ਉਨ੍ਹਾਂ ਖੰਨਾ ਦੀ ਤਰੱਕੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੇਨ ਚੌਕਾਂ ਵਿਚ ਬਾਥਰੂਮ ਬਣਾਏ ਜਾਣਗੇ ਅਤੇ ਸੜਕਾਂ ਦੇ ਨਾਲ ਨਾਲ ਟਾਈਲਾਂ ਲਗਵਾਈਆਂ ਜਾਣਗੀਆਂ ਜਿਸ ਨਾਲ ਖੰਨਾ ਪੂਰੀ ਤਰ੍ਹਾਂ ਡਸਟ ਫਰੀ ਹੋ ਜਾਵੇਗਾ।

ਇਸ ਮੌਕੇ ਭੁਪਿੰਦਰ ਸਿੰਘ ਸੌਂਦ, ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਿਹਾਤੀ ਸ੍ਰੀ ਅਵਤਾਰ ਸਿੰਘ, ਪੁਸ਼ਕਰਰਾਜ ਸਿੰਘ, ਕੌਂਸਲਰ ਜਤਿੰਦਰ ਪਾਠਕ, ਕੌਂਸਲਰ ਸੁਖਮਨਜੀਤ ਸਿੰਘ, ਸਾਬਕਾ ਕੌਂਸਲਰ ਰਜਿੰਦਰ ਸਿੰਘ ਜੀਤ, ਕੁਲਵੰਤ ਸਿੰਘ ਮਹਿਮੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *