ਯੁੱਧ ਨਸ਼ਿਆਂ ਵਿਰੁੱਧ: ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਐਸ.ਪੀ. ਚੀਮਾ

0
– ਨਗਰ ਨਿਗਮ ਨੇ ਅਣ-ਅਧਿਕਾਰਤ ਦੁਕਾਨਾਂ ‘ਤੇ ਪੁਲਿਸ ਦੀ ਇਮਦਾਦ ਨਾਲ ਚਲਾਇਆ ਪੀਲਾ ਪੰਜਾ
(Rajinder Kumar) ਪਟਿਆਲਾ, 29 ਅਪ੍ਰੈਲ 2025:  ਨਗਰ ਨਿਗਮ ਨੇ ਇੱਥੇ ਬਾਬਾ ਦੀਪ ਸਿੰਘ ਨਗਰ ਵਿਖੇ ਅਣ-ਅਧਿਕਾਰਤ ਉਸਾਰੀਆਂ ਗਈਆਂ ਚਾਰ ਦੁਕਾਨਾਂ ਨੂੰ ਪਟਿਆਲਾ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਮਦਾਦ ਨਾਲ ਜੇ.ਸੀ.ਬੀ. ਚਲਾਉਂਦਿਆਂ ਢਹਿ ਢੇਰੀ ਕਰਵਾਇਆ। ਇਸ ਮੌਕੇ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੇ ਕਾਲੇ ਕਾਰੋਬਾਰ ‘ਚ ਲਗੇ ਅਨਸਰ ਬਖ਼ਸ਼ੇ ਨਹੀਂ ਜਾਣਗੇ।
ਐਸ.ਪੀ. ਸਿਟੀ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਅਧੀਨ ਆਉਂਦੇ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰਬਰ 4 ਵਿਖੇ ਬਣੀਆਂ ਇਹ ਦੁਕਾਨਾਂ ਦੀ ਉਸਾਰੀ ਰਿਹਾਇਸ਼ੀ ਜਗ੍ਹਾ ਉਪਰ ਕਮਰਸ਼ੀਅਲ ਤੌਰ ‘ਤੇ ਕੀਤੀ ਗਈ ਸੀ ਅਤੇ ਇਨ੍ਹਾਂ ਦੁਕਾਨਾਂ ਦੇ ਮਾਲਕ ਮਨਦੀਪ ਸਿੰਘ ਤੇ ਬਲਵਿੰਦਰ ਕੌਰ ਦੇ ਲੜਕੇ ਗੁਰਤੇਜ ਸਿੰਘ ਉਰਫ਼ ਬੰਟੀ ਵਿਰੁੱਧ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਤੇ ਪਟਿਆਲਾ ਪੁਲਿਸ ਦੀ ਟੀਮ ਨੇ ਸਾਂਝੀ ਕਾਰਵਾਈ ਕਰਕੇ ਨਸ਼ਾ ਤਸਕਰਾਂ ਨੂੰ ਇੱਕ ਸਖ਼ਤ ਸੁਨੇਹਾ ਦਿੱਤਾ ਹੈ।
ਪਲਵਿੰਦਰ ਸਿੰਘ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਗਰ ਨਿਗਮ ਪਟਿਆਲਾ ਦੇ ਯੋਜਨਾਕਾਰ (ਟਾਊਨ ਪਲੈਨਰ) ਦੇ ਪੱਤਰ ਤਹਿਤ ਇਨ੍ਹਾਂ ਦੁਕਾਨਾਂ ਨੂੰ ਢਾਹੇ ਜਾਣ ਲਈ ਪੁਲਿਸ ਇਮਦਾਦ ਮੰਗੀ ਗਈ ਸੀ ਤੇ ਨਾਲ ਹੀ ਨਾਇਬ ਤਹਿਸੀਲਦਾਰ ਅਰਮਾਨ ਜੋਸ਼ਨ ਨੂੰ ਡਿਊਟੀ ਮੈਜਿਸਟ੍ਰੇਟ ਵਜੋਂ ਤਾਇਨਾਤ ਕੀਤਾ ਗਿਆ ਸੀ। ਐਸ.ਪੀ. ਚੀਮਾ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਫਾਇਨਲ ਡੈਮੋਲਿਸ਼ਨ ਨੋਟਿਸ ਨੰਬਰ 214/ਬੀ.ਐਲ.ਡੀ. ਮਿਤੀ 11 ਅਪ੍ਰੈਲ 2025 ਨੂੰ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਅੱਜ ਨਗਰ ਨਿਗਮ ਦੇ ਏ.ਟੀ.ਪੀ. ਕਰਨਜੀਤ ਸਿੰਘ ਤੇ ਬਿਕਰਮਜੀਤ ਸਿੰਘ ਦੀ ਟੀਮ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਤਾਇਨਾਤ ਕੀਤੀ ਪਟਿਆਲਾ ਪੁਲਿਸ ਦੀ ਨਿਗਰਾਨੀ ਹੇਠ ਇਨ੍ਹਾਂ ਦੁਕਾਨਾਂ ਨੂੰ ਢੁਹਾ ਦਿੱਤਾ ਗਿਆ ਹੈ।
ਪੱਤਰਕਾਰਾਂ ਵੱਲੋਂ ਇਸ ਪਰਿਵਾਰ ਦੇ ਲੜਕੇ ਵਿਰੁੱਧ ਨਸ਼ਾ ਤਸਕਰੀ ਦੇ ਦਰਜ ਕੇਸ ਬਾਬਤ ਪੁੱਛਣ ‘ਤੇ ਐਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਅਨਾਜ ਮੰਡੀ ਵਿਖੇ ਚਿੱਟੇ ਦੀ ਤਸਕਰੀ ਬਾਬਤ ਮੁਕਦਮਾ ਨੰਬਰ 154/21 ਐਨ.ਡੀ.ਪੀ.ਐਸ ਦੀਆਂ ਧਾਰਾਵਾਂ 21, 29, 61, 85 ਤਹਿਤ ਅਤੇ ਦੂਜਾ ਮਾਮਲਾ 81/24 ਪੀ.ਐਸ. ਅਰਬਨ ਅਸਟੇਟ ਵਿਖੇ ਐਨ.ਡੀ.ਪੀ.ਐਸ ਦੀ ਧਾਰਾ 22 ਤਹਿਤ ਨਸ਼ੀਲੀਆਂ ਗੋਲੀਆਂ ਦੀ ਕਮਰਸ਼ੀਅਲ ਬਰਾਮਦਗੀ ਤਹਿਤ ਦਰਜ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ‘ਚ ਸ਼ਾਮਲ ਗੁਰਤੇਜ ਸਿੰਘ ਇਸ ਵੇਲੇ ਪਟਿਆਲਾ ਜੇਲ ‘ਚ ਬੰਦ ਹੈ।
ਪਲਵਿੰਦਰ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਪਟਿਆਲਾ ਪੁਲਿਸ ਦਾ ਨਸ਼ਾ ਤਸਕਰੀ ਵਿਰੁੱਧ ਇਹ ਸਖ਼ਤ ਸੁਨੇਹਾ ਹੈ, ਕਿ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਐਸ.ਐਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚੱਲ ਰਹੀ ਮੁਹਿੰਮ ਤਹਿਤ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਚਲਦਿਆਂ ਪਟਿਆਲਾ ਪੁਲਿਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।
ਇਸ ਮੌਕੇ ਡੀ.ਐਸ.ਪੀ. ਸਿਟੀ-2 ਮਨੋਜ ਗੋਰਸੀ, ਬਤੌਰ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਅਰਮਾਨ ਜੋਸ਼ਨ, ਇੰਚਾਰਜ ਥਾਣਾ ਅਰਬਨ ਅਸਟੇਟ ਅਮਨਦੀਪ ਸਿੰਘ ਬਰਾੜ, ਐਸ.ਐਚ.ਓ. ਥਾਣਾ ਅਨਾਜ ਮੰਡੀ ਜਸਵਿੰਦਰ ਸਿੰਘ, ਐਸ.ਐਚ.ਓ. ਥਾਣਾ ਬਖ਼ਸ਼ੀਵਾਲਾ ਸੁਖਦੇਵ ਸਿੰਘ ਸਮੇਤ ਏ.ਟੀ.ਪੀਜ ਬਿਕਰਮਜੀਤ ਸਿੰਘ ਤੇ ਕਰਨਜੀਤ ਸਿੰਘ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *