ਮਗਨਰੇਗਾ ਯੋਜਨਾ ਤਹਿਤ ਨਵੇਂ ਮੇਟਾਂ ਦੀ ਰਜਿਸਟ੍ਰੇਸ਼ਨ ਲਈ ਪਿੰਡਾਂ ਦੇ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਉਣ ਦਾ ਸਡਿਊਲ ਜਾਰੀ

– ਮਗਨਰੇਗਾ ਕਰਮੀਆਂ ਦੀ ਸਹਿਮਤੀ ਅਨੁਸਾਰ ਚੁਣੇ ਜਾਣਗੇ ਮੇਟ-ਏਡੀਸੀ ਸੁਭਾਸ਼ ਚੰਦਰ
– ਪੰਚਾਇਤਾਂ ਨੂੰ ਮੰਗ ਅਨੁਸਾਰ ਮਗਨਰੇਗਾ ਕਰਮੀਆਂ ਨੂੰ ਕੰਮ ਮੁੱਹਈਆ ਕਰਵਾਉਣ ਦੀ ਕੀਤੀ ਹਦਾਇਤ
(Rajinder kumar) ਫਾਜ਼ਿਲਕਾ, 29 ਅਪ੍ਰੈਲ 2025: ਫਾਜ਼ਿਲਕਾ ਜ਼ਿਲ੍ਹੇ ਵਿੱਚ ਜਿਨਾਂ ਪਿੰਡਾਂ ਵਿੱਚ ਮੇਟ ਦੀ ਘਾਟ ਜਾਂ ਪਹਿਲਾਂ ਤੋਂ ਕੰਮ ਕਰ ਰਹੇ ਮੇਟ ਸਬੰਧੀ ਮਗਨਰੇਗਾ ਕਰਮੀਆਂ ਵਿੱਚ ਅਸਹਿਮਤੀ ਸੀ ਉੱਥੇ ਨਵੇਂ ਮੇਟ ਬਣਾਉਣ ਲਈ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਭਾਸ਼ ਚੰਦਰ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਇਸ ਗ੍ਰਾਮ ਸਭਾ ਵਿੱਚ ਨਰੇਗਾ ਕਰਮੀਆਂ ਦੀ ਸਹਿਮਤੀ ਨਾਲ ਨਵੇਂ ਮੇਟ ਰਜਿਸਟਰਡ ਕੀਤੇ ਜਾਣਗੇ। ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਹੈ ਕਿ ਸਾਲ ਵਿੱਚ 100 ਦਿਨ ਕੰਮ ਦੇਣ ਦਾ ਨਿਯਮ ਹੈ ਅਤੇ ਕੰਮ ਦੀ ਉਪਲਬਧਤਾ ਅਨੁਸਾਰ ਸਾਲ ਭਰ ਵਿੱਚ ਇਸ ਟੀਚੇ ਨੂੰ ਪੂਰਾ ਕੀਤਾ ਜਾਂਦਾ ਹੈ। ਉਹਨਾਂ ਨੇ ਇਸ ਮੌਕੇ ਇਹ ਵੀ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਕੰਮ ਦੀ ਡਿਮਾਂਡ ਨੋਟ ਕੀਤੀ ਜਾਂਦੀ ਹੈ ਇਸ ਲਈ ਜਦੋਂ ਪਿੰਡ ਵਿੱਚ ਸਾਂਝੀ ਥਾਂ ਤੇ ਡਿਮਾਂਡ ਨੋਟ ਕੀਤੀ ਜਾ ਰਹੀ ਹੋਵੇ ਤਾਂ ਮਗਨਰੇਗਾ ਮਜ਼ਦੂਰ ਉਸ ਥਾਂ ਤੇ ਆਪਣੀ ਕੰਮ ਦੀ ਮੰਗ ਨੋਟ ਕਰਵਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਸਮੂਹ ਪੰਚਾਇਤਾਂ ਅਤੇ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 50 ਜੋਬ ਕਾਰਡ ਪਿੱਛੇ ਇੱਕ ਮੇਟ ਹੋਣਾ ਚਾਹੀਦਾ ਹੈ। ਮੇਟ ਰੱਖਣ ਲਈ ਮੇਟ ਦਾ ਖੁਦ ਦਾ ਜੋਬ ਕਾਰਡ ਹੋਣਾ ਜਰੂਰੀ ਹੈ। ਉਸ ਵੱਲੋਂ ਮਨਰੇਗਾ ਤਹਿਤ ਕੰਮ ਕੀਤਾ ਗਿਆ ਹੋਵੇ। ਪਿੰਡ ਵਿੱਚ ਮਹਿਲਾ ਮੇਟ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਮੇਟ ਰੱਖਣ ਸਮੇਂ ਗ੍ਰਾਮ ਸਭਾ ਵਿੱਚ ਮਤਾ ਪਾਸ ਕਰਾਉਣਾ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਇਸ ਲਈ ਵੱਖ-ਵੱਖ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਬੁਲਾਏ ਜਾਣ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਤਹਿਤ 30 ਅਪ੍ਰੈਲ ਨੂੰ ਮੰਡੀ ਹਜੂਰ ਸਿੰਘ, 2 ਮਈ ਨੂੰ ਨਵਾਂ ਮੁੰਬੇਕੀ 3 ਮਈ ਨੂੰ ਬਖੂ ਸ਼ਾਹ, 5 ਮਈ ਨੂੰ ਨਵਾਂ ਮੌਜਮ, 6 ਮਈ ਨੂੰ ਹਸਤਾਕਲਾਂ, 7 ਮਈ ਨੂੰ ਕਰਨੀ ਖੇੜਾ, 8 ਮਈ ਨੂੰ ਚਾਨਣ ਵਾਲਾ, 9 ਮਈ ਨੂੰ ਤੇਜਾ ਰੋਹੇਲਾ, 12 ਮਈ ਨੂੰ ਦੋਨਾਂ ਨਾਨਕਾ ਅਤੇ 14 ਮਈ ਨੂੰ ਢਾਣੀ ਮੋਹਣਾ ਰਾਮ ਵਿਖੇ ਗ੍ਰਾਮ ਸਭਾ ਦੇ ਇਜਲਾਸ ਬੁਲਾਏ ਗਏ ਹਨ ਤਾਂ ਜੋ ਇੱਥੇ ਪਿੰਡ ਦੇ ਨਰੇਗਾ ਮਜ਼ਦੂਰਾਂ ਦੀ ਸਹਿਮਤੀ ਨਾਲ ਨਵੇਂ ਮੇਟ ਚੁਣੇ ਜਾ ਸਕਣ।
ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਤੋਂ ਕੰਮ ਦੀ ਮੰਗ ਸਬੰਧੀ ਬੇਨਤੀਆਂ ਪ੍ਰਾਪਤ ਹੋਈਆਂ ਸਨ ਜਿਸ ਸਬੰਧੀ ਇਹ ਸਮੁੱਚੀਆਂ ਪ੍ਰਤੀ ਬੇਨਤੀਆਂ ਸੰਬੰਧਿਤ ਗ੍ਰਾਮ ਪੰਚਾਇਤ ਅਤੇ ਸੰਬੰਧਿਤ ਪਿੰਡ ਦੇ ਗ੍ਰਾਮ ਰੋਜ਼ਗਾਰ ਸੇਵਕ ਨੂੰ ਭੇਜ ਕੇ ਇਹਨਾਂ ਨੂੰ ਤਸਦੀਕ ਕਰਨ ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਕੰਮ ਮੁਹਈਆ ਕਰਵਾਉਣ ਲਈ ਭੇਜ ਦਿੱਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਮੰਗ ਅਨੁਸਾਰ ਨਰੇਗਾ ਮਜ਼ਦੂਰਾਂ ਨੂੰ ਕੰਮ ਮੁਹਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਨਰੇਗਾ ਕਰਮੀ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਸਗੋਂ ਜਦੋਂ ਸਾਂਝੀ ਥਾਂ ਤੇ ਕੰਮ ਦੀ ਮੰਗ ਭਰੀ ਜਾਵੇ ਤਾਂ ਮੰਗ ਦਰਜ ਕਰਵਾਉਣ ਅਤੇ ਜਦੋਂ ਕੰਮ ਦਿੱਤਾ ਜਾਵੇ ਤਾਂ ਕੰਮ ਤੇ ਜਰੂਰ ਪਹੁੰਚਣ। ਉਹਨਾਂ ਨੇ ਕਿਹਾ ਕਿ ਸਰਕਾਰ ਨਰੇਗਾ ਮਜ਼ਦੂਰਾਂ ਦੀ ਭਲਾਈ ਲਈ ਦ੍ਰਿੜ ਸੰਕਲਪਿਤ ਹੈ।