ਜ਼ਿਲ੍ਹੇ ਦੀਆਂ ਮੰਡੀਆਂ ‘ਚ 82 ਫੀਸਦੀ ਕਣਕ ਦੀ ਹੋਈ ਆਮਦ

(Rajinder Kumar) ਪਟਿਆਲਾ, 24 ਅਪ੍ਰੈਲ 2025: ਜ਼ਿਲ੍ਹੇ ਪਟਿਆਲਾ ਦੀਆਂ ਮੰਡੀਆਂ ਵਿੱਚ 82 ਫੀਸਦੀ ਕਣਕ ਦੀ ਆਮਦ ਹੁਣ ਤੱਕ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡਾ: ਰੂਪਪ੍ਰੀਤ ਕੌਰ ਨੇ ਕੀਤਾ । ਉਹਨਾਂ ਹੁਣ ਤੱਕ ਹੋਈ ਕਣਕ ਦੀ ਖਰੀਦ, ਅਦਾਇਗੀ ਸਮੇਤ ਲਿਫਟਿੰਗ ਬਾਰੇ ਜਾਣਕਾਰੀ ਦੇਂਦਿਆਂ ਕਿਹਾ ਕਿ ਇਸ ਸਾਲ ਕਣਕ ਦੀ ਆਮਦ ਇਕ ਦਮ ਹੀ ਮੰਡੀਆਂ ਵਿੱਚ ਆਈ ਹੈ ਅਤੇ ਇਸ ਦੇ ਨਾਲ-ਨਾਲ ਖਰੀਦ ਵਿੱਚ ਵੀ ਵਾਧਾ ਹੋਇਆ ਹੈ ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਕਿਹਾ ਕਿ ਪਿਛਲੇ ਸਾਲ ਕਣਕ ਦੀ ਲਿਫਟਿੰਗ 1 ਲੱਖ 53 ਹਜਾਰ ਹੋਈ ਸੀ ਜਦੋ ਕਿ ਇਸ ਸਾਲ ਹੁਣ ਤੱਕ 2 ਲੱਖ 71 ਹਜਾਰ ਮੀਟ੍ਰੀਕ ਟਨ ਹੋਈ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਉਪਰ ਹੈ । ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕਣਕ ਦੀ ਆਮਦ ਵਧੀ ਹੈ ਤਾਂ ਖਰੀਦ ਅਤੇ ਲਿਫਟਿੰਗ ਵੀ ਬਹੁਤ ਵਧੀ ਹੈ । ਉਹਨਾਂ ਇਹ ਵੀ ਕਿਹਾ ਕਿ ਕਿਸਾਨਾ ਦੀ ਖਰੀਦ ਦੀ ਜਿਣਸ ਦੀ ਅਦਾਇਗੀ ਉਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਦਿੱਤੀ ਜਾ ਰਹੀ ਹੈ ।
ਡਾ: ਰੂਪ ਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਾਰ ਸਮੂਹ ਏਜੰਸੀਆਂ ਨੇ ਟੀਚੇ ਤੋਂ ਉਪਰ ਹੋ ਕੇ 101 ਫੀਸਦੀ ਰਕਮ ਹੁਣ ਤੱਕ ਅਦਾ ਕਰ ਦਿੱਤੀ ਹੈ ਜਿਸ ਤੋਂ ਇਹ ਸਾਹਮਣੇ ਆਉਦਾ ਹੈ ਕਿ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ , ਲਿਫਟਿੰਗ ਅਤੇ ਅਦਾਇਗੀ ਕਰਨ ਵਿੱਚ ਬਹੁਤ ਤੇਜੀ ਆਈ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਮੁੱਚੇ ਸ਼ੀਜ਼ਨ ਦੌਰਾਨ ਖ਼ਰੀਦ ਪ੍ਰਕ੍ਰਿਆ ਨੂੰ ਪੂਰੀ ਤਰ੍ਹਾਂ ਸੁਖਾਵਾਂ ਬਣਾਉਣ ਲਈ ਵਚਨਬੱਧ ਹੈ ਅਤੇ ਮੰਡੀਆਂ ਵਿੱਚ ਕਿਸੇ ਵੀ ਕਿਸਾਨ , ਆੜ੍ਹਤੀਆਂ, ਮਜ਼ਦੂਰਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ।