ਪੰਜਾਬ ਪੁਲਿਸ ਨੇ ਵੱਡੀ ਸਫਲਤਾ ਕੀਤੀ ਹਾਸਲ; ਮਨੋਰੰਜਨ ਕਾਲੀਆ ਮਾਮਲੇ ‘ਚ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

0

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਵੱਲੋਂ ਅੱਤਵਾਦ ਵਿਰੁੱਧ ਅਪਣਾਈ ਗਈ ਹੈ ਜ਼ੀਰੋ ਸਹਿਣਸ਼ੀਲਤਾ

– ਹਮਲੇ ਨਾਲ ਜੁੜੇ ਹੈਂਡਲਰਾਂ, ਵਿੱਤੀ ਸਮਰਥਕਾਂ ਅਤੇ ਵਿਦੇਸ਼ੀ ਕਨੈਕਸ਼ਨਾਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ: ਡੀਜੀਪੀ ਗੌਰਵ ਯਾਦਵ

– ਦੋ ਸਥਾਨਕ ਸਹਿਯੋਗੀ, ਜਿਨ੍ਹਾਂ ਨੇ ਲਾਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ, ਪਹਿਲਾਂ ਹੀ ਪੁਲਿਸ ਨੇ ਕੀਤੇ ਗ੍ਰਿਫ਼ਤਾਰ

(Rajinder Kumar)ਜਲੰਧਰ, 12 ਅਪ੍ਰੈਲ2025:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਉੱਤਰ ਪ੍ਰਦੇਸ਼ (ਯੂਪੀ) ਦਾ ਸੈਦੁਲ ਅਮੀਨ ਜੋ ਕਿ ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਰਿਹਾਇਸ਼ ‘ਤੇ ਗ੍ਰਨੇਡ ਹਮਲੇ ਦੇ ਮੁੱਖ ਦੋਸ਼ੀ ਸੀ, ਨੂੰ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਜਾਣਕਾਰੀ ਮੁਤਾਬਕ ਬੀਤੀ 7 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਸੈਂਟਰਲ ਟਾਊਨ ਜਲੰਧਰ ਸਥਿਤ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਰਿਹਾਇਸ਼ ‘ਤੇ ਧਮਾਕਾ ਹੋਇਆ ਸੀ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਅਧਾਰਤ ਆਈਐਸਆਈ ਵੱਲੋਂ ਪੰਜਾਬ ‘ਚ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਵੱਡੀ ਸਾਜ਼ਿਸ਼ ਰਚੀ ਗਈ ਸੀ।

ਇਹ ਸਫਲਤਾ ਇਸ ਮਾਮਲੇ ਵਿੱਚ ਸ਼ਾਮਲ ਦੋ ਸਥਾਨਕ ਸਾਥੀਆਂ ਸਤੀਸ਼ ਉਰਫ ਕਾਕਾ ਉਰਫ ਲੱਕੀ ਵਾਸੀ ਭਾਰਗੋ ਕੈਂਪ, ਜਲੰਧਰ ਅਤੇ ਹੈਰੀ ਵਾਸੀ ਗੜ੍ਹਾ ਰੋੜ ਜਲੰਧਰ ਜਿਨ੍ਹਾਂ ਨੇ ਮੁਲਜ਼ਮ ਸੈਦੁਲ ਅਮੀਨ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ, ਦੀ ਗ੍ਰਿਫ਼ਤਾਰੀ ਉਪਰੰਤ ਸਾਹਮਣੇ ਆਈ ਹੈ। ਇਸ ਗ੍ਰਨੇਡ ਹਮਲੇ ਦੀ ਸਾਜ਼ਿਸ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਹਿਯੋਗੀ ਜੀਸ਼ਾਨ ਅਖਤਰ ਅਤੇ ਪਾਕਿਸਤਾਨ ਅਧਾਰਤ ਆਈਐਸਆਈ-ਸਪਾਂਸਰ ਗੈਂਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਰਚੀ ਗਈ ਸੀ, ਜਦਕਿ ਇਸ ਮਾਮਲੇ ਵਿੱਚ ਪਾਕਿਸਤਾਨ ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਡੀਜੀਪੀ ਗੌਰਵ ਯਾਦਵ ਨੇ ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਧਨਪ੍ਰੀਤ ਕੌਰ ਦੇ ਨਾਲ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮ ਸੈਦੁਲ ਅਮੀਨ, ਜੋ ਕਿ ਯੂਪੀ ਦੇ ਅਮਰੋਹਾ ਦਾ ਰਹਿਣ ਵਾਲਾ ਹੈ, ਨੂੰ ਇੱਕ ਬਹੁ-ਰਾਜੀ ਛਾਪੇਮਾਰੀ ਉਪਰੰਤ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ, “ਇਹ ਗ੍ਰਿਫਤਾਰੀ ਪੰਜਾਬ ਪੁਲਿਸ, ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਦਰਮਿਆਨ ਦਹਿਸ਼ਤੀ ਨੈੱਟਵਰਕਾਂ ਨੂੰ ਖ਼ਤਮ ਕਰਨ ਪ੍ਰਤੀ ਮਜ਼ਬੂਤ ਤਾਲਮੇਲ ਦਾ ਪ੍ਰਮਾਣ ਹੈ।”

ਡੀਜੀਪੀ ਨੇ ਕਿਹਾ ਕਿ ਮੌਜੂਦਾ ਜਾਂਚ ਦੌਰਾਨ ਗ੍ਰਨੇਡ ਹਮਲੇ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਵਿੱਤੀ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ, ਜਿਸ ਵਿੱਚ ਹਰਿਆਣੇ ਦਾ ਮੁਲਜ਼ਮ ਅਭਿਜੋਤ ਜਿਸ ਨੂੰ ਹਰਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਕੁਰੂਕਸ਼ੇਤਰ ਵਿੱਚ ਗੋਲੀਬਾਰੀ ਉਪਰੰਤ ਗ੍ਰਿਫ਼ਤਾਰ ਕੀਤਾ ਸੀ, ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਉਸ ਨੂੰ ਅਗਲੇਰੀ ਜਾਂਚ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਹਮਲੇ ਨਾਲ ਜੁੜੇ ਹੈਂਡਲਰਾਂ, ਵਿੱਤੀ ਸਮਰਥਕਾਂ ਅਤੇ ਸੰਭਾਵਿਤ ਵਿਦੇਸ਼ੀ ਕਨੈਕਸ਼ਨਾਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ ਪਹਿਲਾਂ ਹੀ ਐਫਆਈਆਰ ਨੰ. 27 ਮਿਤੀ 8/4/2025 ਨੂੰ ਭਾਰਤੀ ਨਿਆ ਸੰਹਿਤਾ ਦੀ ਧਾਰਾ 109, 324(3) ਅਤੇ 61(2) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 3 ਵਿਖੇ ਦਰਜ ਕੀਤੀ ਗਈ ਹੈ।

About The Author

Leave a Reply

Your email address will not be published. Required fields are marked *