ਜਿਲੇ ‘ਚ ਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਸ਼ੁਰੂ,  ਖਸਰਾ ਤੇ ਫਸਲਾਂ ਦੀ ਤਸਵੀਰ ਹੋਵੇਗੀ ਆਨਲਾਈਨ ਦਰਜ : ਡਿਪਟੀ ਕਮਿਸ਼ਨਰ

0
– 17 ਅਪ੍ਰੈਲ ਤੱਕ ਫ਼ਸਲਾਂ ਦੀ ਆਨਲਾਈਨ ਗਿਰਦਾਵਰੀ ਲਈ ਕੰਮ ਜੰਗੀ ਪੱਧਰ ‘ਤੇ ਜਾਰੀ : ਆਸ਼ਿਕਾ ਜੈਨ
(Rajinder Kumar)ਹੁਸ਼ਿਆਰਪੁਰ, 10 ਅਪ੍ਰੈਲ 2025: ਮਾਲ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲੇ ਵਿਚ ਫਸਲਾਂ ਦੇ ਡਿਜੀਟਲ ਸਰਵੇ ਤਹਿਤ ਖੇਤੀਬਾੜੀ ਵਾਲੀਆਂ ਜਮੀਨਾਂ ਦਾ ਦੌਰਾ ਕਰਕੇ ਖਸਰਾ ਨੰਬਰ ਰਾਹੀਂ ਅਸਲ ਫਸਲ ਦੀ ਤਸਵੀਰ ਆਨਲਾਈਨ ਦਰਜ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਜੰਗੀ ਪੱਧਰ ‘ਤੇ ਜਾਰੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਸਰਾ-ਗਿਰਦਾਵਰੀ ਅਤੇ ਫਸਲ ਦੀ ਫੋਟੋ ਆਨਲਾਈਨ ਦਰਜ ਹੋਣ ਨਾਲ ਰਵਾਇਤੀ ਖਸਰਾ-ਗਿਰਦਾਵਰੀ ਨੂੰ ਆਧੁਨਿਕ ਤਕਨੀਕ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਡਿਜੀਟਲ ਸਰਵੇ ਲਈ ਪਟਵਾਰੀਆਂ ਨੂੰ ਸਮਾਰਟਫੋਨ ਆਧਾਰਿਤ ’ਡਿਜੀਟਲ ਕਰਾਪ ਸਰਵੇ ਐਪ’ ਨਾਲ ਲੈਸ ਕੀਤਾ ਗਿਆ ਹੈ ਜਿਸ ਰਾਹੀਂ ਉਹ ਖੇਤਾਂ ਵਿਚ ਜਾ ਕੇ ਸਬੰਧਤ ਖਸਰਾ ਨੰਬਰ ਪਾ ਕੇ ਅਸਲ ਫਸਲ ਦੀ ਤਸਵੀਰ ਲੈ ਕੇ ਉਨ੍ਹਾਂ ਨੂੰ ਆਨਲਾਈਨ ਦਰਜ ਕਰ ਸਕਣਗੇ। ਇਸ ਨਾਲ ਨਾ ਕੇਵਲ ਗੁੰਮਰਾਹਕੁੰਨ ਜਾਂ ਫਰਜ਼ੀ ਰਿਪੋਟਿੰਗ ’ਤੇ ਰੋਕ ਲਗੇਗੀ ਬਲਕਿ ਕਿਸਾਨਾਂ ਨੂੰ ਵੀ ਅਸਲ ਅੰਕੜੇ ਦੇ ਆਧਾਰ ’ਤੇ ਸਰਕਾਰ ਦੀਆਂ ਯੋਜਨਾਵਾਂ ਅਤੇ ਮੁਆਵਜੇ ਦਾ ਸਹੀ ਲਾਭ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਹ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਸੀਮਤ ਗਿਣਤੀ ਨੂੰ ਦੇਖਦੇ ਹੋਏ ਨਹਿਰੀ ਵਿਭਾਗ, ਖੇਤੀਬਾੜੀ ਵਿਭਾਗ, ਭੂਮੀ ਸੰਭਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ 17 ਅਪ੍ਰੈਲ ਤੱਕ ਇਹ ਕਾਰਜ ਪੂਰਾ ਕੀਤਾ ਜਾ ਸਕੇ।
ਆਸ਼ਿਕਾ ਜੈਨ ਨੇਦ ਦੱਸਿਆ ਕਿ ਇਸ ਕਾਰਜ ਲਈ 12ਵੀਂ ਪਾਸ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਲਈ ਉਨ੍ਹਾਂ ਨੂੰ ਮਿਹਨਤਾਨਾ ਵੀ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚਾਹਵਾਨ ਨੌਜਵਾਨ ਆਪਣੀ ਸਬੰਧਤ ਤਹਿਸੀਲ ਵਿਚ ਸੰਪਰਕ ਕਰਕੇ ਇਸ ਕੰਮ ਵਿਚ ਹਿੱਸੇਦਾਰ ਬਣ ਸਕਦੇ ਹਨ।
ਉਨ੍ਹਾਂ ਕਿਹਾ ਕਿ ਡਿਜੀਟਲ ਕਰਾਪ ਸਰਵੇ ਨਾਲ ਨਾ ਕੇਵਲ ਪ੍ਰਸ਼ਾਸਨਿਕ ਪ੍ਰਕਿਰਿਆ ਵਿਚ ਸੁਧਾਰ ਅਤੇ ਪਾਰਦਰਸ਼ਤਾ ਆਵੇਗੀ, ਸਗੋਂ ਕਿਸਾਨਾਂ ਨੂੰ ਵੀ ਸਮੇਂ ਸਿਰ ਸਰਕਾਰੀ ਲਾਭ ਅਤੇ ਮੁਆਵਜ਼ਾ ਮਿਲ ਸਕੇਗਾ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ।

About The Author

Leave a Reply

Your email address will not be published. Required fields are marked *