ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਲਈ ਉਪਰਾਲੇ ਕਰ ਰਹੀ ਹੈ – ਚੇਤਨ ਸਿੰਘ ਜੌੜਾਮਾਜਰਾ

– ਜੌੜਾਮਾਜਰਾ ਨੇ ਸਮਾਣਾ ਦੇ ਸਰਕਾਰੀ ਸਕੂਲਾਂ ‘ਚ 70 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ
– ਕਿਹਾ, ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲ ਰਿਹਾ ਹੈ ਪੰਜਾਬ, ਸਰਕਾਰੀ ਸਕੂਲਾਂ ਦੀ ਹੋਵੇਗੀ ਕਾਇਆਂ ਕਲਪ
(Rajinder Kumar) ਸਮਾਣਾ 7 ਅਪ੍ਰੈਲ 2025: ਪੰਜਾਬ ਦੇ ਸਾਬਕਾ ਮੰਤਰੀ ਅਤੇ ਸਮਾਣਾ ਦੇ ਵਿਧਾਇਕ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਸਮਾਣਾ ਦੇ ਤਿੰਨ ਸਕੂਲਾਂ ਸਰਕਾਰੀ ਸਕੂਲਾਂ ਵਿਖੇ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ਦੇ ਕਮਰਿਆਂ ਦੇ ਨਵੀਨੀਕਰਨ, ਖੇਡਾਂ ਦੇ ਮੈਦਾਨ, ਬਾਥਰੂਮ ਅਤੇ ਸਕੂਲਾਂ ਦੀ ਚਾਰ ਦੀਵਾਰੀ ਦੇ ਕੰਮ ਮੁਕੰਮਲ ਕਰਕੇ ਵਿਦਿਆਰਥੀਆਂ ਦੇ ਸਪੁਰਦ ਕੀਤੇ। ਉਨ੍ਹਾਂ ਨੇ ਐਲੀਮੈਂਟਰੀ ਸਕੂਲ ਮਲਕਾਨਾ ਪਤੀ, ਲੈਫਟੀਨੈਂਟ ਮੋਹਿਤ ਗਰਗ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਅਤੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਕੰਨਿਆ) ਵਿਖੇ ਜਾ ਕੇ ਜਿੱਥੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਉਥੇ ਹੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ‘ਚ ਬੁਨਿਆਦੀ ਢਾਂਚੇ ਦੀਆਂ ਕਮੀਆਂ ਦੂਰ ਕਰਕੇ, ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰ ਕੇ ਸਿੱਖਿਆ ਦੇ ਖੇਤਰ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਜੋ ਕ੍ਰਾਂਤੀ ਲਿਆਂਦੀ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀਆਂ ਤੇ ਸਕੂਲ ਸਟਾਫ ਨੇ ਜੌੜਾਮਾਰਾ ਦਾ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਜੌੜਾਮਾਜਰਾ ਨੇ ਸੰਬੋਧਨ ਕਰਦਿਆਂ ਸਰਕਾਰ ਦੀ ਪੰਜਾਬ ਦੀ ਸਿੱਖਿਆ, ਸਿਹਤ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਪ੍ਰਤੀ ਬਣਾਈਆਂ ਨੀਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਲਈ ਲੋਕਾਂ ਦੇ ਮਿਲੇ ਸਹਿਯੋਗ ਨਾਲ ਉਪਰਾਲੇ ਕਰ ਰਹੀ ਹੈ, ਪਰ ਪਿਛਲੀਆਂ ਸਰਕਾਰਾਂ ਨੇ ਇਸ ਤਾਣੇ-ਬਾਣੇ ਨੂੰ ਇੰਨਾ ਉਲਝਾਅ ਰੱਖਿਆ ਸੀ, ਕਿ ਆਮ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਵੱਲ ਨਾਂ ਹੋ ਕੇ ਨਿਜੀ ਸਕੂਲਾਂ ਤੇ ਹਸਪਤਾਲਾਂ ਵੱਲ ਵੱਧ ਰਿਹਾ ਸੀ। ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਨਿਜੀ ਹਸਪਤਾਲਾਂ ਤੋਂ ਵੀ ਵਧੀਆ ਬਣਾ ਦਿੱਤਾ ਹੈ ਅਤੇ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਦਾਖਲੇ ਅਤੇ ਸਰਕਾਰੀ ਹਸਪਤਾਲਾਂ ‘ਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਵੱਧ ਹੋਈ ਹੈ, ਜਿਸ ਦਾ ਸਿਹਰਾ ਅਧਿਆਪਕਾਂ ਤੇ ਡਾਕਟਰਾਂ ਨੂੰ ਜਾਂਦਾ ਹੈ।ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਵਿੱਚ ਪੜਾਉਣ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਹੋਰ ਸੁਧਾਰ ਲਿਆਉਣ ਲਈ ਸਕੂਲਾਂ ਚ ਐਜੂਕੇਸ਼ਨਲ ਕੋਆਰਡੀਨੇਟਰਜ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਜਿਸ ਤਹਿਤ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਨਿਆ ‘ਚ ਰਮਨਦੀਪ ਸ਼ਰਮਾ, ਸੁਨੈਨਾ ਮਿੱਤਲ, ਸੰਜੇ ਮੰਤਰੀ, ਸੰਜੇ ਸਿੰਗਲਾ ਨੂੰ ਨਾਮਜਦ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਮਨਜੀਤ ਕੌਰ ਬਸੀ, ਹਰਜੋਤ ਕੌਰ, ਹੈਡ ਟੀਚਰ ਅਮਰੀਕ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਪੀ.ਏ ਗੁਰਦੇਵ ਟਿਵਾਣਾ, ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਗਰਗ, ਰਵਿੰਦਰ ਸੋਹਲ, ਵਿਸ਼ਾਲ ਜਿੰਦਲ, ਸੰਜੇ ਮੰਤਰੀ, ਸੰਜੇ ਸਿੰਗਲਾ, ਬੀ.ਪੀ.ਈ.ਓ ਗੁਰਪ੍ਰੀਤ ਗੋਲਡੀ, ਬੀ.ਐਨ.ਓ ਭੂਸ਼ਣ ਕੁਮਾਰ, ਲੈਕਚਰਾਰ ਸੁਸ਼ੀਲ ਸ਼ਰਮਾ, ਹਿੱਤ ਅਭਿਲਾਸ਼ੀ, ਮਨਜਿੰਦਰ ਸਿੰਘ ਗੋਲਡੀ, ਮਨਦੀਪ ਸਿੰਘ, ਮਨੀਸ਼ ਅਗਰਵਾਲ, ਪਰਵੀਨ ਕੁਮਾਰੀ, ਰਾਜੂ ਛਾਬੜਾ, ਨਿਸ਼ਾਨ ਚੀਮਾ, ਸੁਖਬੀਰ ਸਿੰਘ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਵੀ ਮੌਜੂਦ ਸਨ।