ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਦੇ ਨਾਲ-ਨਾਲ ਸਿੱਖਿਆ ਦਾ ਵੀ ਸੁਧਾਰਿਆ ਮਿਆਰ : ਵਿਜੈ ਇੰਦਰ ਸਿੰਗਲਾ
ਸੰਗਰੂਰ, 28 ਅਗਸਤ 2021 : ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਪਿੰਡ ਫੱਗੂਵਾਲਾ ਵਿਖੇ ਆਪਣੀ ਵਿਸ਼ੇਸ਼ ਕੌਂਸਲਿੰਗ ਮੁਹਿੰਮ ਤਹਿਤ ਸਰਕਾਰੀ ਸਮਾਰਟ ਸਕੂਲ ਫੱਗੂਵਾਲਾ ਅਤੇ ਬਲਿਆਲ ਦੇ ਲਗਭਗ 140 ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਮੁਲਕਾਤ ਕੀਤੀ।
ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਸੁਧਾਰਨ ਦੇ ਨਾਲ-ਨਾਲ ਸਿੱਖਿਆ ਦਾ ਮਿਆਰ ਵੀ ਸੁਧਾਰਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਣਤੱਕ ਯਤਨਾਂ ਦੇ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ ਅਤੇ ਪੰਜਾਬ ਅੱਜ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਮੁਲਾਂਕਣ ’ਚ ਸਕੂਲ ਸਿੱਖਿਆ ਦੇ ਖੇਤਰ ’ਚ ਸਾਰੇ ਦੇਸ਼ ’ਚੋਂ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉੁਨਾਂ ਨੇ ਆਪਣੇ ਨਿੱਜੀ ਵਸੀਲਿਆਂ ਨਾਲ ਸਿੱਖਿਆ ਦੇ ਖੇਤਰ ’ਚ ਨਾਮਵਰ ਕੰਪਨੀ ‘ਵੀਬੌਕਸ’ ਤੋਂ ਸੰਗਰੂਰ ਹਲਕੇ ਦੇ ਸਰਕਾਰੀ ਸਕੂਲਾਂ ’ਚ 10ਵੀਂ ਤੇ 12ਵੀਂ ਜਮਾਤ ’ਚ ਪੜਦੇ ਸਾਰੇ ਵਿਦਿਆਰਥੀਆਂ ਦਾ ਬਿਨਾਂ ਕਿਸੇ ਫ਼ੀਸ ਤੋਂ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਗਿਆ ਹੈ ਤਾਂ ਜੋ ਉਨਾਂ ਦੀ ਮੂਲ ਯੋਗਤਾ ਨੂੰ ਪਛਾਣਿਆ ਜਾ ਸਕੇ। ਉਨਾਂ ਕਿਹਾ ਕਿ ਇਹ ਟੈਸਟ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਮਾਧਿਅਮ ਜ਼ਰੀਏ ਕਰਵਾਇਆ ਗਿਆ ਸੀ ਅਤੇ ਟੈਸਟ ਤੋਂ ਬਾਅਦ ਹਰ ਵਿਦਿਆਰਥੀ ਦੀ ਵੱਖਰੀ ਨਤੀਜਾ ਰਿਪੋਰਟ ਪੰਜਾਬੀ ਅਤੇ ਅੰਗਰੇਜ਼ੀ, ਦੋਵੇਂ ਭਾਸ਼ਾਵਾਂ ’ਚ ਤਿਆਰ ਕਰਵਾਈ ਗਈ ਹੈ।
ਉਨਾਂ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਵਿਦਿਆਰਥੀਆਂ ਦੀ ਯੋਗਤਾ ਪਛਾਣਨ ਤੋਂ ਬਾਅਦ ਉਨਾਂ ਨੂੰ ਉਸੇ ਖੇਤਰ ’ਚ ਉਚੇਰੀ ਸਿੱਖਿਆ ਅਤੇ ਕਰੀਅਰ ਚੁਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ’ਚ ਉਨਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ, ਚੇਅਰਮੈਨ ਵਰਿੰਦਰ ਪੰਨਵਾ, ਵਾਇਸ ਚੇਅਰਮੈਨ ਹਰੀ ਸਿੰਘ, ਸੁਰਿੰਦਰ ਸਿੰਘ ਭਰੂਰ, ਸਕੂਲਾਂ ਦਾ ਸਟਾਫ਼, ਵਿਦਿਆਰਥੀ ਤੇ ਉਨਾਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।