ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਕਨਵੋਕੇਸ਼ਨ ਹੋਈ

-ਕਾਲਜ ਦੇ 302 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ
-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ
-ਵਿਦਿਆਰਥੀ ਜ਼ਿੰਦਗੀ ਦੀ ਹਰੇਕ ਚੁਣੌਤੀ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ : ਡਾ. ਪ੍ਰੀਤੀ ਯਾਦਵ
(Krishna raja) ਪਟਿਆਲਾ, 2 ਅਪ੍ਰੈਲ 2025: ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ਵਿੱਚ ਸ਼ੈਸ਼ਨ 2023-24 ਲਈ ਕਨਵੋਕੇਸ਼ਨ 2025 ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਰਜਿਸਟਰਾਰ ਘਰੇਲੂ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਦੇ ਸੰਚਾਲਨ ਤਹਿਤ ਇਸ ਸਮਾਰੋਹ ਦੀ ਸ਼ੁਰੂਆਤ ਅਕਾਦਮਿਕ ਪ੍ਰੋਸੈਸ਼ਨ ਦੇ ਆਗਮਨ ਅਤੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਨਾਲ ਹੋਈ। ਕਾਲਜ ਪ੍ਰਿੰਸੀਪਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਸਥਾਰ ਵਿਚ ਕਾਲਜ ਦੀ ਰਿਪੋਰਟ ਪੇਸ਼ ਕੀਤੀ, ਵਿਦਿਆਰਥੀਆਂ ਦੀ ਵਿਦਿਅਕ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਖੇਡਾਂ ਵਿੱਚ ਹਾਸਲ ਕੀਤੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਰੋਹ ਵਿੱਚ ਕੁੱਲ 302 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 269 ਗ੍ਰੈਜੁਏਸ਼ਨ ਅਤੇ 33 ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀ ਸ਼ਾਮਲ ਸਨ ਜਿਹਨਾਂ ਵਿੱਚੋਂ 219 ਲੜਕੀਆਂ ਅਤੇ 83 ਲੜਕੇ ਸਨ। ਮੁੱਖ ਮਹਿਮਾਨ ਡਾ. ਪ੍ਰੀਤੀ ਯਾਦਵ ਨੇ ਆਪਣੇ ਸੰਬੋਧਨ ਵਿੱਚ ਉਚੇਰੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਲਈ ਸਰਗਰਮ ਭੂਮਿਕਾ ਨਿਭਾਉਣ ਅਤੇ ਹਰ ਚੁਣੌਤੀ ਨੂੰ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਸਵੀਕਾਰ ਕਰਨ ਦੀ ਪ੍ਰੇਰਣਾ ਦਿੱਤੀ।
ਕਾਲਜ ਪ੍ਰਿੰਸੀਪਲ ਪ੍ਰੋ (ਡਾ) ਕੁਸੁਮ ਲਤਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਹਾਸਿਲ ਕਰਨ ਤੱਕ ਹੀ ਸੀਮਿਤ ਨਹੀਂ ਰਹਿੰਦੀ, ਬਲਕਿ ਇਹ ਜੀਵਨ ਭਰ ਜਾਰੀ ਰਹਿੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਤਬਦੀਲੀ ਦੀ ਅਗਵਾਈ ਕਰਨ ਵਾਲੇ ਬਣਨ ਲਈ ਉਤਸ਼ਾਹਿਤ ਕੀਤਾ। ਸਮਾਰੋਹ ਦੀ ਸਮਾਪਤੀ ਰਜਿਸਟਰਾਰ ਘਰੇਲੂ ਪ੍ਰੀਖਿਆਵਾਂ ਵੱਲੋਂ ਦਿੱਤੇ ਗਏ ਧੰਨਵਾਦੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਮੁੱਖ ਮਹਿਮਾਨ ਦਾ ਕੀਮਤੀ ਸਮਾਂ ਦੇਣ ਲਈ, ਕਾਲਜ ਪ੍ਰਸ਼ਾਸਨ ਦੇ ਸਹਿਯੋਗ ਲਈ ਅਤੇ ਫ਼ੈਕਲਟੀ ਮੈਂਬਰਾਂ ਦੀ ਸਮਰਪਣ ਭਾਵਨਾ ਲਈ ਧੰਨਵਾਦ ਕੀਤਾ।
ਇਸ ਸਮਾਰੋਹ ਦੇ ਸੰਚਾਲਨ ਵਿੱਚ ਡਾ. ਰੇਖਾ ਰਾਣੀ, ਡਾ. ਰੀਤੂ ਕਪੂਰ, ਡਾ. ਪਰਮਜੀਤ ਸਿੰਘ ਅਤੇ ਬਿਕਰਮ ਕਾਲਜ ਦੇ ਸਮੁੱਚੇ ਸਟਾਫ਼ ਨੇ ਸਹਿਯੋਗ ਕੀਤਾ। ਇਸ ਮੌਕੇ ’ਤੇ ਵਿਭਿੰਨ ਕਾਲਜਾਂ ਦੇ ਪ੍ਰਿੰਸੀਪਲ, ਸੇਵਾਮੁਕਤ ਪ੍ਰੋਫ਼ੈਸਰ, ਐਲੂਮਨੀ ਮੈਂਬਰ, ਪੀ.ਟੀ.ਏ. ਪ੍ਰਤਿਨਿਧੀ, ਐਚ ਈ ਆਈ ਐਸ ਗਵਰਨਿੰਗ ਬਾਡੀ ਦੇ ਮੈਂਬਰ ਅਤੇ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਵਿਅਕਤੀ ਵੀ ਹਾਜ਼ਰ ਸਨ।