ਮਾਤਰੀ ਮੌਤ ਤੇ ਕਾਬੂ ਪਾਉਣ ਲਈ ਜਣੇਪੇ ਤੋਂ ਪਹਿਲਾਂ ਚਾਰ ਚੈਕਅੱਪ ਜਰੂਰ ਕਰਵਾਓ: ਡਾ ਚੰਦਰ ਸ਼ੇਖਰ ਕੱਕੜ

– ਸਿਵਲ ਸਰਜਨ ਫਾਜਿਲਕਾ ਨੇ ਕੀਤੀ ਮੈਟਰਨਲ ਡੈਥ ਰੀਵਿਊ ਮੀਟਿੰਗ
(Krishna raja) ਫਾਜਿਲਕਾ, 27 ਮਾਰਚ 2025: ਪੰਜਾਬ ਸਰਕਾਰ ਵੱਲੋਂ ਮਾਤਰੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਫਾਜਿਲਕਾ ਵੱਲੋਂ ਨਵਜਾਤ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਿਲ ਰਹੀਆਂ ਸਿਹਤ ਸੁਵਿਧਾਵਾਂ ਦਾ ਸਮੇਂ ਸਮੇਂ ਨਿਰਿਖਣ ਕੀਤਾ ਜਾ ਰਿਹਾ ਹੈ ਤਾਂ ਕਿ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਕੰਟਰੋਲ ਕੀਤਾ ਜਾ ਸਕੇ।
ਅੱਜ ਡਾ ਚੰਦਰ ਸ਼ੇਖਰ ਕੱਕੜ ਦੀ ਪ੍ਰਧਾਨਗੀ ਵਿੱਚ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਮਾਤਰੀ ਮੌਤ ਦਰ ਸਬੰਧੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਮੈਡੀਕਲ ਅਫ਼ਸਰ, ਏ.ਐਨ.ਐਮ., ਆਸ਼ਾ ਨੇ ਭਾਗ ਲਿਆ। ਡਾ ਕਵਿਤਾ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵੀ ਗਰਭਵਤੀ ਔਰਤ ਦੀ ਗਰਭ ਦੌਰਾਨ, ਜਨੇਪੇ ਦੌਰਾਨ ਜਾਂ ਜਨੇਪੇ ਤੋਂ 42 ਦਿਨ ਬਾਅਦ ਮੌਤ ਹੁੰਦੀ ਹੈ ਜਾਂ ਇੱਕ ਸਾਲ ਤੱਕ ਦੇ ਬੱਚੇ ਦੀ ਕਿਸੇ ਕਾਰਣ ਮੌਤ ਹੁੰਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਉਸਦੇ ਕਾਰਨਾਂ ਦੀ ਜਾਂਚ ਕਰਨ ਸਬੰਧੀ ਡੈਥ ਰੀਵਿਊ ਮੀਟਿੰਗ ਕੀਤੀ ਜਾਂਦੀ ਹੈ। ਇਸ ਮੀਟਿੰਗ ਵਿੱਚ ਸਬੰਧਿਤ ਡਾਕਟਰ, ਏ.ਐਨ.ਐਮ., ਆਸ਼ਾ ਅਤੇ ਪਰਿਵਾਰ ਦੇ ਮੈਂਬਰ ਸ਼ਾਮਿਲ ਹੁੰਦੇ ਹਨ ਤਾਂ ਕਿ ਮੌਤ ਦੇ ਕਾਰਣ ਦਾ ਪਤਾ ਲੱਗ ਸਕੇ ਤਾਂ ਕਿ ਭਵਿੱਖ ਵਿੱਚ ਅਜਿਹੀ ਕਿਸੀ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਅਤੇ ਮੌਤ ਨੂੰ ਰੋਕਿਆ ਜਾ ਸਕੇ।
ਮੀਟਿੰਗ ਵਿੱਚ ਗਰਭਵਤੀ ਔਰਤਾਂ ਦੇ ਹਾਈ ਰਿਸਕ ਪ੍ਰੈਗਨੈਂਸੀ ਅਤੇ ਘਰ ਵਿਚ ਨਵਜਾਤ ਬੱਚਿਆ ਦੀ ਦੇਖਭਾਲ ਅਤੇ ਟੀਕਾਕਰਨ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਡਾ ਕਵਿਤਾ ਸਿੰਘ ਨੇ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਵਿੱਚ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ, ਉਹਨਾਂ ਦਾ ਸੰਪੂਰਨ ਚੈੱਕਅੱਪ, ਟੀਕਾਕਰਣ ਮਾਹਿਰ ਡਾਕਟਰਾਂ ਤੋਂ ਕਰਵਾਇਆ ਜਾਵੇ ਅਤੇ ਉਹਨਾਂ ਦੀ ਖੁਰਾਕ ਦਾ ਵੀ ਧਿਆਨ ਰੱਖਿਆ ਜਾਵੇ। ਇਸ ਸਮੇਂ ਵਿਨੋਦ ਖੁਰਾਣਾ, ਪੂਜਾ ਰਾਣੀ ਹਾਜ਼ਰ ਸਨ।