ਵਿਜੀਲੈਂਸ ਬਿਊਰੋ ਯੂਨਿਟ ਦੀ ਟੀਮ ਵੱਲੋਂ ਫੂਡ ਸੇਫਟੀ ਅਫਸਰ ਦੇ ਸਹਿਯੋਗ ਨਾਲ ਡੇਅਰੀਆਂ ਦੀ ਅਚਨਚੇਤ ਚੈਕਿੰਗ

– ਦੁੱਧ, ਪਨੀਰ, ਮੱਖਣ ਅਤੇ ਘਿਓ ਦੇ ਸੈਂਪਲ ਭਰੇ
(Krishna raja) ਫਾਜ਼ਿਲਕਾ, 26 ਮਾਰਚ 2025: ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਸ਼੍ਰੀ ਨਗੇਸ਼ਵਰ ਰਾਓ ਅਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਸ੍ਰੀ ਮਨਜੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ ਸ਼੍ਰੀ ਗੁਰਿੰਦਰਜੀਤ ਸਿੰਘ ਦੀ ਟੀਮ ਵੱਲੋਂ ਫੂਡ ਸੇਫਟੀ ਅਫਸਰ ਦਫਤਰ ਸਿਵਲ ਸਰਜਨ ਫਾਜ਼ਿਲਕਾ ਸ੍ਰੀ ਕੰਵਰਦੀਪ ਸਿੰਘ ਦੀ ਟੀਮ ਦੇ ਸਹਿਯੋਗ ਨਾਲ 4 ਹਜ਼ਾਰ ਤੋਂ 5 ਹਜ਼ਾਰ ਲੀਟਰ ਦੁੱਧ ਦੀ ਆਮਦ ਵਾਲੀ ਸ਼ੀਨੂ ਡੇਅਰੀ, ਕੈਂਟ ਰੋਡ ਫਾਜ਼ਿਲਕਾ ਦੇ ਮਾਲਕ ਸ੍ਰੀ ਸਾਹਿਲ ਅਨੇਜਾ ਦੀ ਮੌਜੂਦਗੀ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡਾ. ਨਿਖਿਲ ਕਟਾਰੀਆ ਮੈਡੀਕਲ ਅਫਸਰ ਸਿਵਲ ਹਸਪਤਾਲ ਫਾਜ਼ਿਲਕਾ ਵੀ ਮੌਜੂਦ ਸਨ।


ਚੈਕਿੰਗ ਦੌਰਾਨ ਫੂਡ ਸੇਫਟੀ ਅਫਸਰ ਸ਼੍ਰੀ ਕੰਵਰਦੀਪ ਸਿੰਘ ਦੀ ਟੀਮ ਵੱਲੋਂ ਦੁੱਧ, ਪਨੀਰ, ਮੱਖਣ ਅਤੇ ਘਿਓ ਦੇ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਸੈਂਪਲਾਂ ਨੂੰ ਨਿਰੀਖਣ ਲਈ ਫੂਡ ਐਂਡ ਡਰੱਗਜ਼ ਲੈਬ, ਖਰੜ ਵਿਖੇ ਜਮ੍ਹਾਂ ਕਰਵਾਇਆ ਜਾਵੇਗਾ। ਨਿਰੀਖਕ ਰਿਪੋਰਟ ਆਉਣ ਤੇ ਜੇਕਰ ਕਿਸੇ ਪ੍ਰਕਾਰ ਦੀ ਮਿਲਾਵਟ ਜਾਂ ਕਮੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।