ਸੂਬੇ ਦੀ ਤਰੱਕੀ ‘ਚ ਮੀਲ ਪੱਥਰ ਸਾਬਤ ਹੋਵੇਗਾ ਪੰਜਾਬ ਬਜਟ-2025: ਡਾ. ਰਾਜ ਕੁਮਾਰ ਚੱਬੇਵਾਲ

0

– ਰੰਗਲਾ ਪੰਜਾਬ ਵਿਕਾਸ ਸਕੀਮ ਹਲਕਿਆਂ ਅੰਦਰ ਵਿਕਾਸ ਨੂੰ ਦੇਵੇਗੀ ਨਵੀਂ ਰਫ਼ਤਾਰ

– ਅਨੁਸੂਚਿਤ ਜਾਤੀਆਂ ਵਲੋਂ ਐਸ.ਸੀ. ਕਾਰਪੋਰੇਸ਼ਨ ਤੋਂ ਲਏ ਕਰਜ਼ਿਆਂ ਦੀ ਮੁਆਫੀ ਇਤਿਹਾਸਕ ਕਦਮ

– ਐਸ.ਸੀ. ਸਬ ਪਲਾਨ ‘ਚ 13937 ਕਰੋੜ ਰੁਪਏ ਰੱਖਣ ‘ਤੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

– 2718 ਕਿਲੋਮੀਟਰ ਯੋਜਨਾਬੱਧ ਸੜਕਾਂ ਅਤੇ ਨਵੇਂ ਸੰਪਰਕ ਰੂਟਾਂ ਦੇ ਨਿਰਮਾਣ ‘ਤੇ ਖਰਚ ਹੋਣਗੇ 855 ਕਰੋੜ

– ਰਾਜ ਦੇ 176 ਪਿੰਡਾਂ ਵਿਚ ਪਾਈਪਲਾਈਨ ਰਾਹੀਂ ਜਲ ਸਪਲਾਈ ਮੁਹੱਈਆ ਕਰਵਾਈ ਜਾਵੇਗੀ

(Krishna raja) ਹੁਸ਼ਿਆਰਪੁਰ, 26 ਮਾਰਚ 2025: ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਪੰਜਾਬ ਬਜਟ-2025 ਨੂੰ ਸੂਬੇ ਦੀ ਤਰੱਕੀ ਵਿਚ ਮੀਲ ਪੱਥਰ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਲੋਕਪੱਖੀ, ਕਿਸਾਨ, ਉਦਯੋਗਾਂ ਅਤੇ ਰਾਜ ਦੇ ਸਮੁੱਚੇ ਵਿਕਾਸ ਨੂੰ ਸਮਰਪਿਤ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਦੀ ਸ਼ਲਾਘਾ ਕਰਦਿਆਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਰੰਗਲਾ ਪੰਜਾਬ ਵਿਕਾਸ ਸਕੀਮ ਨੂੰ ਵੱਡਾ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਹਰ ਖੇਤਰ ਵਿਚ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਰਾਹੀਂ ਚਲਾਈ ਜਾਣ ਵਾਲੀ ਇਸ ਸਕੀਮ ਤਹਿਤ ਹਰ ਹਲਕੇ ਨੂੰ 5 ਕਰੋੜ ਰੁਪਏ ਦੀ ਵਿਵਸਥਾ ਹਲਕਿਆਂ ਵਿਚ ਸੜਕਾਂ, ਪੁਲਾਂ ਦੀ ਉਸਾਰੀ/ਮੁਕੰਮਤ, ਸਟਰੀਟ ਲਾਈਟਾਂ, ਕਲੀਨਿਕਾਂ, ਹਸਪਤਾਲਾਂ, ਸਕੂਲਾਂ, ਪੀਣ ਵਾਲੇ ਪਾਣੀ ਆਦਿ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਯਕੀਨੀ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ ਲਏ ਕਰਜ਼ਿਆਂ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ 31 ਮਾਰਚ 2020 ਤੱਕ ਲਏ ਗਏ ਸਾਰੇ ਕਰਜ਼ਿਆਂ ਦੀ ਮੁਆਫੀ ਦਾ ਐਲਾਨ ਇਤਿਹਾਸਕ ਫੈਸਲਾ ਹੈ ਜਿਸ ਨਾਲ 4650 ਵਿਅਕਤੀਆਂ ਨੂੰ ਲਾਭ ਮਿਲੇਗਾ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਐਸ.ਸੀ. ਸਬ ਪਲਾਨ ਲਈ 13937 ਕਰੋੜ ਰੁਪਏ, ਜੋ ਕਿ ਕੁੱਲ ਬਜਟ ਦਾ 34 ਫੀਸਦੀ ਹੈ, ਰੱਖਣ ਦਾ ਫੈਸਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ, ਪੱਛੜੀਆ ਸ਼੍ਰੇਣੀਆਂ, ਘੱਟ ਗਿਣਤੀਆਂ ਅਤੇ ਦਲਿਤ ਵਰਗਾਂ ਦੇ ਵਿਕਾਸ ਲਈ 150 ਕਰੋੜ ਰੁਪਏ ਰੱਖਣ ਨਾਲ ਇਨ੍ਹਾਂ ਵਰਗਾਂ ਦੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ।

ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਲ ਭਲਾਈ ਦੇ ਖੇਤਰ ਵਿਚ ਪਿਛਲੇ ਸਾਲ ਨਾਲੋਂ ਬਜਟ ਵਿਚ 5 ਫੀਸਦੀ ਵਾਧੇ ਨਾਲ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 14524 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਰਾਜ ਦੀ ਸਿਹਤ ਬੀਮਾ ਯੋਜਨਾ ਵਿਚ ਸ਼ਾਮਲ ਕਰਨਾ ਸਲਾਹੁਣਯੋਗ ਫੈਸਲਾ ਹੈ ਜਿਸ ਤਹਿਤ ਪੇਂਡੂ ਜਾਂ ਸ਼ਹਿਰੀ ਅਮੀਰ ਜਾਂ ਗਰੀਬ ਹਰ ਕੋਈ ਯੋਜਨਾ ਦਾ ਲਾਭ ਲੈ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪਰਿਵਾਰਾਂ ਲਈ 10 ਲੱਖ ਰੁਪਏ ਸਲਾਨਾ ਤੱਕ ਦਾ ਬੀਮਾ ਕਵਰ ਵਧਾਉਣਾ ਵੀ ਬਹੁਤ ਵੱਡਾ ਲੋਕਪੱਖੀ ਫੈਸਲਾ ਹੈ ਜਿਸ ਵਿਚ ਉਹ ਲੋਕ ਵੀ ਸ਼ਾਮਲ ਹਨ, ਜੋ ਕੇਂਦਰ ਸਰਕਾਰ ਦੀ ਸਕੀਮ ਅਧੀਨ ਆਉਂਦੇ ਹਨ, ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦਾ ਵਾਧੂ ਟਾਪਅੱਪ ਕਵਰ ਮਿਲੇਗਾ।

ਮੈਂਬਰ ਪਾਰਲੀਮੈਂਟ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਾਰੇ ਪਰਿਵਾਰਾਂ ਨੂੰ ਮਿਲਣ ਵਾਲੇ ਸਿਹਤ ਕਾਰਡਾਂ ਨਾਲ ਉਹ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਣਗੇ ਜੋ ਕਿ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਇਸ ਖੁਸ਼ਹਾਲ ਬਜਟ ਨਾਲ ਸਵੈ ਨਿਰਭਰ ਪੰਜਾਬ ਦੀ ਨੀਂਹ ਨੂੰ ਹੋਰ ਮਜ਼ਬੂਤੀ ਮਿਲੇਗੀ।

About The Author

Leave a Reply

Your email address will not be published. Required fields are marked *