ਲੁਧਿਆਣਾ ‘ਚ ਬਿਜਲੀ ਬੁਨਿਆਦੀ ਢਾਂਚੇ ਦਾ ਮੈਗਾ ਓਵਰਹਾਲ ਐਲਾਨ ਦੇ 24 ਘੰਟਿਆਂ ਅੰਦਰ ਸ਼ੁਰੂ

– ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਅੱਜ ਜਵਾਹਰ ਨਗਰ ਖੇਤਰ ‘ਚ ਚੱਲ ਰਹੇ ਟਰਾਂਸਮਿਸ਼ਨ ਅੱਪਗ੍ਰੇਡੇਸ਼ਨ ਕਾਰਜਾਂ ਦੀ ਸਮੀਖਿਆ
(Krishna raja) ਲੁਧਿਆਣਾ, 10 ਮਾਰਚ 2025: ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਬਿਜਲੀ ਟਰਾਂਸਮਿਸ਼ਨ ਦੇ ਬੁਨਿਆਦੀ ਢਾਂਚੇ ਦਾ ਮੈਗਾ ਓਵਰਹਾਲ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਇਸ ਸਬੰਧੀ ਕੰਮ 24 ਘੰਟਿਆਂ ਵਿੱਚ ਸ਼ੁਰੂ ਹੋ ਗਿਆ ਹੈ। ਪੀ.ਐਸ.ਪੀ.ਸੀ.ਐਲ. ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਰਾਜ ਸਭਾ ਮੈਂਬਰ ਨੇ ਅੱਜ ਦੁਪਹਿਰ ਜਵਾਹਰ ਨਗਰ ਖੇਤਰ ਵਿੱਚ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ।
ਬੀਤੇ ਕੱਲ੍ਹ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਲਾਨ ਕੀਤਾ ਸੀ ਕਿ ਆਗਾਮੀ ਗਰਮੀ ਦੇ ਮੌਸਮ ਦੌਰਾਨ ਬਿਜਲੀ ਕੱਟਾਂ ਦੀ ਰੋਕਥਾਮ ਲਈ, ਅਗਲੇ 90 ਦਿਨਾਂ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 234 ਨਵੇਂ ਬਿਜਲੀ ਟਰਾਂਸਫਾਰਮਰ, ਫੀਡਰ, ਗਰਿੱਡ ਆਦਿ ਲਗਾਏ ਜਾਣਗੇ।
ਸੰਭਾਵੀ ਖਰਾਬੀ ਵਾਲੇ ਟਰਾਂਸਫਾਰਮਰ, ਜੋ ਪਿਛਲੇ ਦੋ ਸਾਲਾਂ ਵਿੱਚ ਵਾਰ-ਵਾਰ ਵਿਘਨ ਪਾਉਂਦੇ ਹਨ, ਨੂੰ ਵੀ ਨਵੇਂ ਅਤੇ ਕੁਸ਼ਲ ਟਰਾਂਸਫਾਰਮਰਾਂ ਨਾਲ ਬਦਲਿਆ ਜਾਵੇਗਾ।
ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਉਨ੍ਹਾਂ ਖੇਤਰਾਂ ਦਾ ਪਤਾ ਲਗਾਉਣ ਲਈ ਵਿਆਪਕ ਅਧਿਐਨ ਕੀਤਾ ਹੈ ਜਿੱਥੇ ਨਵੇਂ ਟਰਾਂਸਫਾਰਮਰਾਂ ਦੀ ਲੋੜ ਹੈ। ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੰਸਦ ਮੈਂਬਰ ਨੇ ਐਲਾਨ ਦੇ 24 ਘੰਟਿਆਂ ਦੇ ਅੰਦਰ ਇੰਸਟਾਲੇਸ਼ਨ ਸ਼ੁਰੂ ਕਰਨ ਲਈ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ। ਐਮ ਪੀ ਅਰੋੜਾ ਨੇ ਦੱਸਿਆ ਕਿ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਔਸਤਨ ਦੋ ਤੋਂ ਤਿੰਨ ਨਵੇਂ ਟਰਾਂਸਫਾਰਮਰ ਲਗਾਏ ਜਾਣਗੇ।
ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਇਸ ਪ੍ਰਾਜੈਕਟ ਲਈ ਸੰਸਦ ਮੈਂਬਰ ਦਾ ਧੰਨਵਾਦ ਕੀਤਾ ਕਿਉਂਕਿ ਇਸ ਨਾਲ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਵੱਡੀ ਰਾਹਤ ਮਿਲੇਗੀ।
ਐਮ.ਪੀ. ਅਰੋੜਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵੱਖ-ਵੱਖ ਟਰਾਂਸਫਾਰਮਰਾਂ ਦੀਆਂ ਢਿੱਲੀਆਂ ਤਾਰਾਂ ਅਤੇ ਨੁਕਸਦਾਰ ਜੰਪਰਾਂ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਮਸਲਾ ਵੀ ਜਲਦ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਕੰਮ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ।