ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਸਰਸ ਮੇਲਾ

0

– ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮਾਪਤੀ ਸਮਾਰੋਹ ਮੌਕੇ ਮੇਲੇ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲਿਆਂ ਦਾ ਕੀਤਾ ਸਨਮਾਨ
 
– ਪਟਿਆਲਵੀਆਂ ਸਮੇਤ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੈਲਾਨੀਆਂ ਨੇ ਮੇਲੇ ‘ਚ ਕੀਤੀ ਖ਼ਰੀਦੋ-ਫ਼ਰੋਖ਼ਤ

– ਦੇਸ਼-ਵਿਦੇਸ਼ ਦੀਆਂ ਦਸਤਕਾਰੀ ਵਸਤਾਂ ਦੀ ਖ਼ੂਬ ਖ਼ਰੀਦੋ-ਫ਼ਰੋਖ਼ਤ ਨੇ ਦਸਤਕਾਰ ਕੀਤੇ ਬਾਗੋ ਬਾਗ

– 10 ਦਿਨਾਂ ‘ਚ 4 ਲੱਖ ਦੇ ਕਰੀਬ ਲੋਕਾਂ ਨੇ ਮੇਲੇ ਦਾ ਮਾਣਿਆ ਆਨੰਦ-ਸਟਾਲਾਂ ‘ਤੇ ਵਿੱਕਰੀ ਹੋਈ 3 ਕਰੋੜ

(krishna raja) ਪਟਿਆਲਾ, 23 ਫਰਵਰੀ 2025: ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ 14 ਫਰਵਰੀ ਤੋਂ ਚੱਲ ਰਿਹਾ ਸਰਸ ਮੇਲਾ ਅਮਿੱਟ ਯਾਦਾਂ ਛੱਡਦਾ ਅੱਜ ਸ਼ਾਮ ਸਮਾਪਤ ਹੋ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਮੇਲਾ ਪ੍ਰਬੰਧਕ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਇਸ ਮੇਲੇ ਦੀ ਸਫਲਤਾ ਲਈ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ ਕੀਤਾ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਕੇਂਦਰੀ ਸੱਭਿਆਚਾਰਕ ਮੰਤਰਾਲਾ, ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਇਸ ਸਰਸ ਮੇਲੇ ਨੇ ਦੇਸ਼-ਵਿਦੇਸ਼ ਦੇ ਦਸਤਕਾਰਾਂ ਤੇ ਸ਼ਿਲਪਕਾਰਾਂ ਸਮੇਤ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ ਫੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ ਤੇ ਖਾਣਪੀਣ ਸਮੇਤ ਹੋਰ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ।

ਡਾ. ਪ੍ਰੀਤੀ ਯਾਦਵ ਨੇ ਏ.ਡੀ.ਸੀ. ਅਨੁਪ੍ਰਿਤਾ ਜੌਹਲ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਮੇਲੇ ਦੀ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਾ ਅਤੇ ਦੂਰ-ਦੁਰਾਡੇ ਤੋਂ ਮੇਲਾ ਦੇਖਣ ਆਏ ਸੈਲਾਨੀਆਂ ਨੇ ਇਸ ਮੇਲੇ ਵਿੱਚ ਕਾਫ਼ੀ ਦਿਲਚਸਪੀ ਦਿਖਾਉਂਦੇ ਹੋਏ ਖੂਬ ਖ਼ਰੀਦੋ-ਫ਼ਰੋਖ਼ਤ ਕੀਤੀ ਜਿਸ ਤੋਂ ਦਸਤਕਾਰ ਅਤੇ ਸਟਾਲਾਂ ਲਗਾਉਣ ਵਾਲੇ ਸੰਤੁਸ਼ਟ ਹੋਕੇ ਵਾਪਸ ਜਾ ਰਹੇ ਹਨ।

ਸਰਸ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਪਟਿਆਲਾ ਸ਼ਹਿਰ ਵਿੱਚ ਕਰਵਾਏ ਗਏ ਸਰਸ ਮੇਲੇ ਨੇ ਪਟਿਆਲਾ ਵਾਸੀਆਂ ਨੂੰ ਭਾਰਤ ਦੀਆਂ ਪ੍ਰਸਿੱਧ ਦਸਤਕਾਰੀ ਵਸਤਾਂ, ਅਲੱਗ-ਅਲੱਗ ਖੇਤਰਾਂ ਦੇ ਪਕਵਾਨ ਅਤੇ ਵੱਖਰੇ-ਵੱਖਰੇ ਇਲਾਕਿਆਂ ਦੇ ਲੋਕ ਨਾਚਾ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪਟਿਆਲਾ ਸ਼ਹਿਰ ਅੰਦਰ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਪਟਿਆਲਾ ਵਾਸੀਆਂ ਨੂੰ ਇਕੋ ਛੱਤ ਥੱਲੇ ਭਾਰਤ ਦੇ ਹਰ ਖੇਤਰ ਦੀ ਸੰਸਕ੍ਰਿਤੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਰ ਤੁਰਕੀ, ਥਾਈਲੈਂਡ, ਮਿਸਰ, ਅਫ਼ਗਾਨਿਸਤਾਨ ਦੀਆਂ ਸਟਾਲਾਂ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਸਰਸ ਮੇਲਾ ਲੰਮੇ ਸਮੇਂ ਬਾਅਦ ਕਰਵਾਇਆ ਗਿਆ ਅਤੇ ਇਸ ਵਿੱਚ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੇ ਪਹੁੰਚਕੇ ਮੇਲੇ ਦਾ ਆਨੰਦ ਮਾਣਿਆ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ 4 ਲੱਖ ਦੇ ਕਰੀਬ ਲੋਕਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ ਹੈ। ਉਥੇ ਹੀ ਕਰੀਬ 3 ਕਰੋੜ ਰੁਪਏ ਦੇ ਸਾਜੋ ਸਮਾਨ ਦੀ ਵਿੱਕਰੀ ਨੇ ਦਸਤਕਾਰਾਂ ਨੂੰ ਬਾਗੋ-ਬਾਗ ਕਰ ਦਿੱਤਾ ਹੈ।

ਇਸ ਮੌਕੇ ਸਮਾਪਤੀ ਸਮਾਰੋਹ ਸਵੈ ਸਹਾਇਤਾ ਗਰੁੱਪਾਂ ਵਿੱਚੋਂ ਸਭ ਤੋਂ ਵੱਧ ਵਿੱਕਰੀ ਕਰਨ ਵਾਲੇ ਗਰੁੱਪਾਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਪਹਿਲੇ ਸਥਾਨ ਉਪਰ ਬਿਹਾਰ ਦੇ ਅਨੀਤਾ ਦੇਵੀ, ਜਿਨ੍ਹਾਂ ਨੇ 4,79,500 ਰੁਪਏ ਦੀ ਵਿੱਕਰੀ ਕੀਤੀ।ਦੂਸਰੇ ਨੰਬਰ ‘ਤੇ ਪਟਿਆਲਾ ਕਿੰਗ ਅਜੀਵਿਕਾ ਸਵੈ ਸਹਾਇਤਾ ਗਰੁੱਪ ਦੀ ਹਰਪ੍ਰੀਤ ਕੌਰ ਰਹੀ ਜਿਸ ਨੇ ਕਰੀਬ 1,24,500 ਰੁਪਏ ਦੀ ਵਿੱਕਰੀ ਕੀਤੀ। ਜਦਕਿ ਦਿੱਲੀ ਦੇ ਦਸਤਕਾਰ ਅਫਜਲ ਅਹਿਮਦ ਨੂੰ 4.57 ਲੱਖ ਦੀ ਵਿੱਕਰੀ ਦਰਜ ਕਰਨ ਲਈ ਅਤੇ ਸੰਗਮਰਮਰ ਸ਼ਿਲਪਕਾਰ ਸਲੀਮ ਨੂੰ ਵੀ ਸਨਮਾਨਿਤ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਫਰਵਰੀ ਤੋਂ ਸ਼ੁਰੂ ਹੋਏ ਸਰਸ ਮੇਲੇ ਵਿੱਚ ਪਹਿਲੇ ਦਿਨ ਤੋਂ ਹੀ ਪੰਜਾਬ ਸਮੇਤ ਦੇਸ ਅਤੇ ਵਿਦੇਸ਼ਾਂ ਦੇ ਸੈਲਾਨੀਆਂ ਦਾ ਵੱਡੀ ਗਿਣਤੀ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ, ਇਸ ਮੇਲੇ ਵਿੱਚ ਜਿਥੇ 20 ਰਾਜਾਂ ਅਤੇ ਚਾਰ ਦੇਸ਼ਾਂ ਦੀਆਂ ਦਸਤਕਾਰੀ ਵਸਤਾਂ ਲਈ 200 ਤੋਂ ਵਧੇਰੇ ਸਟਾਲਾਂ ਲਗਾਈਆਂ ਗਈਆਂ ਸਨ। ਉਥੇ ਹੀ ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਰੰਗਾਰੰਗ ਪੇਸ਼ਕਾਰੀ ਦੌਰਾਨ ਵੱਖ-ਵੱਖ ਰਾਜਾਂ ਦੇ 80 ਕਲਾਕਾਰਾਂ ਨੇ ਹਿੱਸਾ ਲਿਆ ਜਿਸ ਵਿੱਚ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ। ਜਿਸ ਵਿੱਚ ਪੰਜਾਬ ਦੇ ਲੋਕ ਨਾਚਾਂ, ਲੋਕ ਗਾਇਕੀ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਦੋਂਕਿ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਬੀਨ, ਬਹਿਰੂਪੀਏ, ਕੱਚੀ ਘੋੜੀ, ਬਾਜ਼ੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੇ ਬੱਚਿਆਂ ਸਮੇਤ ਹਰ ਉਮਰ ਵਰਗ ਨੂੰ ਖ਼ੂਬ ਪ੍ਰਭਾਵਿਤ ਕੀਤਾ।

ਅਨੁਪ੍ਰਿਤਾ ਜੌਹਲ ਨੇ ਦੱਸਿਆਂ ਕਿ ਸਰਸ ਮੇਲੇ ਦੌਰਾਨ ਜ਼ਿਲ੍ਹੇ ਦੇ ਸਕੂਲਾਂ ਦੇ ਕਰੀਬ ਦਸ ਹਜ਼ਾਰ ਬੱਚਿਆਂ ਨੇ ਸਰਸ ਮੇਲੇ ਦਾ ਆਨੰਦ ਮਾਣਿਆ ਅਤੇ ਵੱਡੀ ਗਿਣਤੀ ਬੱਚਿਆਂ ਨੇ ਸਟੇਜ ‘ਤੇ ਭਾਗ ਲਿਆ। ਸਕੂਲੀ ਵਿਦਿਆਰਥੀਆਂ ਨੇ ਪੇਂਟਿੰਗ, ਗਿੱਧਾ, ਭੰਗੜਾ ਅਤੇ ਹੋਰ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਹਿੱਸਾ ਲਿਆ।

ਸਰਸ ਮੇਲੇ ਨੇ ਪੰਜਾਬੀਆਂ ਦੇ ਅਲੱਗ-ਅਲੱਗ ਪਕਵਾਨਾਂ ਨੂੰ ਖਾਣ ਦੇ ਸੋਕ ਨੂੰ ਵੀ ਪੂਰਾ ਕੀਤਾ ਅਤੇ ਵੱਖ-ਵੱਖ ਰਾਜਾਂ ਦੇ ਸਟਾਲਾਂ ‘ਤੇ ਬਣੇ ਲਜ਼ੀਜ਼ ਪਕਵਾਨਾਂ, ਆਈਸ ਕਰੀਮ, ਗੁਜਰਾਤੀ ਖਾਣੇ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ ਚਾਵਲ, ਬਿਰਿਆਨੀ, ਚੀਨੀ ਭੋਜਨ ਨੇ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਇਕੋ ਸਥਾਨ ‘ਤੇ ਭਾਰਤ ਦਾ ਹਰ ਪਕਵਾਨ ਮੁਹੱਈਆ ਕਰਵਾ ਦਿੱਤਾ।

ਇਸ ਤੋਂ ਇਲਾਵਾ ਸਰਸ ਮੇਲੇ ਦੇ ਸਭਿਆਚਾਰਕ ਪ੍ਰੋਗਰਾਮ ਅਤੇ ਸਟਾਰ ਨਾਈਟ ਰਾਹੀਂ ਕਲਾਕਾਰਾਂ ਦੁਆਰਾ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਮੇਲਾ ਦੇਖਣ ਆਏ ਲੋਕਾਂ ਦਾ ਖ਼ੂਬ ਮੰਨੋਰਜ਼ਨ ਕੀਤਾ। ਸਰਸ ਮੇਲੇ ਵਿੱਚ ਹੋਰ ਸੂਬਿਆਂ ਦੇ ਕਲਾਕਾਰਾਂ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਸ ਵਿੱਚ ਰਣਜੀਤ ਬਾਵਾ, ਮੁਹੰਮਦ ਇਰਸ਼ਾਦ, ਗਲੋਰੀ ਬਾਵਾ, ਸਰਦਾਰ ਅਲੀ, ਸਤਵਿੰਦਰ ਬੁੱਗਾ ਸਮੇਤ ਰਵਾਇਤੀ ਗਾਇਕਾਂ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ।

ਸਰਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਐਸ.ਐਸ.ਪੀ. ਪਟਿਆਲਾ ਡਾ. ਨਾਨਕ ਸਿੰਘ, ਐਨ.ਜੈਡ.ਸੀ.ਸੀ. ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਪ੍ਰੋ. ਗੁਰਬਖਸ਼ੀਸ ਸਿੰਘ ਅੰਟਾਲ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਉਨ੍ਹਾਂ ਨੇ ਕਿਹਾ ਕਿ ਮੇਲੇ ਨੂੰ ਸਫਲ ਬਨਾਉਣ ਲਈ ਪਟਿਆਲਾ ਵਾਸੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਮੇਲੇ ਨੂੰ ਸਫਲ ਬਨਾਉਣ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਮੇਲੇ ਦੌਰਾਨ ਵਲੰਟੀਅਰਜ਼ ਦੁਆਰਾ ਦਿੱਤੀ ਡਿਊਟੀ ਦੀ ਸਰਾਹਨਾ ਕੀਤੀ ਅਤੇ ਆਈ.ਟੀ.ਆਈ ਲੜਕੇ ਅਤੇ ਲੜਕੀਆਂ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਨਾਲ-ਨਾਲ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਸਰਸ ਮੇਲੇ ਦੌਰਾਨ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ।

ਇਸ ਮੌਕੇ ਸੀ.ਏ. ਪੀ.ਡੀ.ਏ ਮਨੀਸ਼ਾ ਰਾਣਾ, ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਆਰ.ਟੀ.ਓ. ਨਮਨ ਮਾਰਕੰਨ, ਕਿਰਪਾਲਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀਈਓ ਅਮਨਦੀਪ ਕੌਰ, ਡੀ.ਐਸ.ਐਸ.ਓ ਜੋਬਨਪ੍ਰੀਤ ਕੌਰ ਚੀਮਾ, ਰੀਨਾ ਰਾਣੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *