ਨੇਚਰ ਫੈਸਟ ਹੁਸ਼ਿਆਰਪੁਰ-2025:ਵਾਤਾਵਰਣ ਪ੍ਰੇਮੀਆਂ ਨੇ ਪੌਂਗ ਡੈਮ ’ਚ ਬਰਡ ਵਾਚਿੰਗ ਦਾ ਆਨੰਦ ਮਾਣਿਆ

(krishna raja) ਹੁਸ਼ਿਆਰਪੁਰ, 21 ਫਰਵਰੀ 2025: ਨੇਚਰ ਫੈਸਟ ਹੁਸ਼ਿਆਰਪੁਰ ਦੀ ਸ਼ੁਰੂਆਤ ਪਹਿਲੇ ਦਿਨ ਸਵੇਰੇ ਪੌਂਗ ਡੈਮ ’ਤੇ ਇਕ ਵਿਸ਼ੇਸ਼ ਬਰਡ ਵਾਚਿੰਗ ਪ੍ਰੋਗਰਾਮ ਨਾਲ ਸ਼ੁਰੂ ਹੋਈ ਜਿਸ ਵਿਚ ਵਾਤਾਵਰਣ ਪ੍ਰੇਮੀਆਂ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਲਾਜਵੰਤੀ ਸਟੇਡੀਅਮ, ਵਿਦਿਆ ਮੰਦਰ ਸਕੂਲ, ਸਕੂਲ ਆਫ਼ ਐਮੀਨੈਂਸ ਬਾਗਪੁਰ, ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਇਸ ਮੌਕੇ ਡੀ.ਡੀ.ਐਫ ਜੋਇਆ ਸਿਦੀਕੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਡੀ.ਡੀ.ਐਫ ਨੇ ਦੱਸਿਆ ਕਿ ਪੌਂਗ ਡੈਮ ਵਿਚ ਹਰ ਸਾਲ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਛੀ ਆਉਂਦੇ ਹਨ ਜੋ ਸਰਦੀਆਂ ਦੇ ਮੌਸਮ ਵਿਚ ਇਥੇ ਆਪਣਾ ਠਿਕਾਣਾ ਬਣਾਉਂਦੇ ਹਨ। ਇਸ ਵਾਰ ਬਰਡ ਵਾਚਿੰਗ ਦੌਰਾਨ ਵਿਸ਼ੇਸ਼ ਰੂਪ ਵਿਚ ਯੂਰੇਸ਼ਿਅਨ ਕੂਟ ਅਤੇ ਨਾਰਦਰਨ ਸ਼ੋਵੇਲਰ ਵਰਗੀਆਂ ਪ੍ਰਵਾਸੀ ਜਾਤੀਆਂ ਨੂੰ ਦੇਖਿਆ ਗਿਆ। ਇਥੇ ਪੰਛੀ ਸ਼ਿਵਾਲਿਕ ਪਰਬਤਾਂ ਤੋਂ ਆਉਂਦੇ ਹਨ ਅਤੇ ਇਥੋਂ ਦੀ ਜੈਵ ਵਿਭਿੰਨਤਾ ਨੂੰ ਭਰਪੂਰ ਕਰਦੇ ਹਨ।
ਇਸ ਪ੍ਰੋਗਰਾਮ ਵਿਚ ਹਰ ਉਮਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਸਭ ਤੋਂ ਬਜ਼ੁਰਗ ਭਾਗੀਦਾਰੀ 71 ਸਾਲਾਂ ਦੇ ਸਨ ਜਦ ਕਿ ਸਭ ਤੋਂ ਘੱਟ ਉਮਰ ਦੇ ਪੰਛੀ ਪ੍ਰੇਮੀ ਕੇਵਲ 10 ਸਾਲ ਦਾ ਸੀ। ਇਹ ਦਰਸਾਉਂਦਾ ਹੈ ਕਿ ਕੁਦਰਤ ਪ੍ਰੇਮ ਅਤੇ ਪੰਛੀਆਂ ਪ੍ਰਤੀ ਰੂਚੀ ਸਾਰੀਆਂ ਪੀੜ੍ਹੀਆਂ ਵਿਚ ਬਰਾਬਰ ਮੌਜੂਦ ਹੈ।
ਪ੍ਰੋਗਰਾਮ ਦੌਰਾਨ ਵਣ ਵਿਭਾਗ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਪੰਛੀਆਂ ਦੀ ਸੰਭਾਲ, ਵਾਤਾਵਰਣ ਸੰਤੁਲਨ ਅਤੇ ਜੈਵ ਵਿਭਿੰਨਤਾ ਦੇ ਮਹੱਤਵ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਬੱਚਿਆਂ ਨੇ ਨਾ ਕੇਵਲ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਪਹਿਚਾਣ ਕੀਤੀ ਬਲਕਿ ਉਨ੍ਹਾਂ ਦੇ ਪ੍ਰਵਾਸ, ਜੀਵਨਸ਼ੈਲੀ ਅਤੇ ਵਾਤਾਵਰਣ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਡੀ.ਡੀ.ਐਫ ਜੋਇਆ ਸਿਦੀਕੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਥਾਨਕ ਭਾਈਚਾਰੇ ਅਤੇ ਕੁਦਰਤ ਪ੍ਰੇਮੀਆਂ ਲਈ ਇਕ ਪ੍ਰੇਣਾਦਾਇਕ ਅਨੁਭਵ ਸੀ ਜਿਸ ਨਾਲ ਉਹ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜੈਵ ਵਿਭਿੰਨਤਾ ਬਾਰੇ ਆਪਣੀ ਵਚਨਬੱਧਤਾ ਪ੍ਰਗਟ ਕਰਦੇ ਹਨ।