ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਸਬੰਧੀ ਸਮਾਗਮਾਂ ਦਾ ਦੂਸਰਾ ਦਿਨ

0

– ਗਾਇਕ ਬੀਰ ਸਿੰਘ ਨੇ ਹਰ ਵਰਗ ਦੇ ਸਰੋਤਿਆਂ ਦਾ ਸੱਭਿਅਕ ਗਾਇਕੀ ਨਾਲ ਜਿੱਤਿਆ ਦਿਲ

(krishna raja)ਪਟਿਆਲਾ, 20 ਫਰਵਰੀ 2025: ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਅੱਜ ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੂਫ਼ੀ ਗਾਇਕ ਬੀਰ ਸਿੰਘ ਦੀ ਸੱਭਿਅਕ ਗਾਇਕੀ ਦਾ ਆਯੋਜਨ ਕੀਤਾ ਗਿਆ। ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਬੀਰ ਸਿੰਘ ਨੇ ਵੱਡੀ ਗਿਣਤੀ ’ਚ ਇਕੱਤਰ ਸਰੋਤਿਆਂ ਨੂੰ ਪੰਜਾਬੀ ਦੀ ਉੱਚਕੋਟੀ ਦੇ ਸ਼ਾਇਰੀ ਦੇ ਗਾਇਨ ਨਾਲ ਸ਼ਰਾਸਾਰ ਕੀਤਾ। ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਲਾ ਦੀ ਕਿਸੇ ਵੀ ਵੰਨਗੀ ‘’ਚ ਪਰੋਸੇ ਜਾਣ ਵਾਲੇ ਵਿਸ਼ਿਆਂ ਦੀ ਵਿਰੋਧਤਾ ’ਚ ਸਮਾਂ ਕਰਨ ਦੀ ਬਜਾਏ ਸਾਨੂੰ ਸੱਭਿਆਚਾਰਕ ਦਾਇਰੇ ‘’ਚ ਰਹਿਕੇ ਪੇਸ਼ਕਾਰੀਆਂ ਦੇਣ ਵਾਲੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਇਸੇ ਤਹਿਤ ਹੀ ਸਮੇਂ ਦੀ ਲੋੜ ਅਨੁਸਾਰ ਭਾਸ਼ਾ ਵਿਭਾਗ ਵੱਲੋਂ ਨਵੀਂ ਪੀੜ੍ਹੀ ਨੂੰ ਮਿਆਰੀ ਗਾਇਕੀ ਨਾਲ ਜੋੜਨ ਹਿੱਤ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ ਅੱਜ ਦਾ ਸਮਾਗਮ ਰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਮਿਆਰੀ ਸਾਹਿਤ ਅਤੇ ਕਲਾ ਦੀਆਂ ਹੋਰਨਾਂ ਵੰਨਗੀਆਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਚੰਗਾ ਪੜ੍ਹਨ, ਸੁਣਨ, ਲਿਖਣ ਤੇ ਬੋਲਣ।

ਗਾਇਕ ਬੀਰ ਸਿੰਘ ਨੇ ਆਪਣੇ ਚਰਚਿਤ ਗੀਤ ‘ਤੂੰ ਕਿਉਂ ਉੱਡ ਜਾਨੈ ਵੇ ਮੋਰਾਂ ਤੇ ‘ਅੱਜ-ਕੱਲ੍ਹ’ ਨਾਲ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। ਫਿਰ ਨੌਜਵਾਨ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਮੇਰਾ ਤੇਰੇ ਵਿੱਚ iਖ਼ਆਲ ਜਿਹਾ ਰਹਿੰਦਾ ਏ’, ‘ਝਾਂਜਰਾਂ ਦਾ ਜੋੜਾ’, ‘ਸ਼ਾਮ ਸੁਨਹਿਰੀ ਤੇ ਅਲਵਿਦਾ ਕਹਿਣ ਦਾ ਪਰ ਇਹ ਢੰਗ ਨਹੀਂ ਕੋਈ’ ਤੇ ‘ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ ਏ’ ਨਾਲ ਹਾਜ਼ਰੀਨ ਨੂੰ ਝੂੰਮਣ ਲਗਾ ਦਿੱਤਾ। ਇਸੇ ਦੌਰਾਨ ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਰਚਨਾ ‘ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾਂ’ ਨਾਲ ਇੱਕ ਦਮ ਮਾਹੌਲ ਬਦਲ ਦਿੱਤਾ। ਅੰਤ ਵਿੱਚ ‘ਤੇਰੇ ਨਾਲ ਵੇ ਢੋਲਣਾ’, ‘ਜੁਗਨੀ’ ਤੇ ‘ਘੋੜੀ’ ਗਾ ਕੇ ਬੀਰ ਸਿੰਘ ਸਰੋਤਿਆਂ ਨੂੰ ਨੱਚਣ ਲਗਾ ਦਿੱਤਾ। ਭਾਸ਼ਾ ਵਿਭਾਗ ਵੱਲੋਂ ਬੀਰ ਸਿੰਘ ਨੂੰ ਕਿਤਾਬਾਂ ਦੇ ਸੈੱਟ ਤੇ ਸ਼ਾਲ ਨਾਲ ਸਤਿਕਾਰ ਦਿੱਤਾ ਗਿਆ।

ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ, ਸਾਬਕਾ ਡੀਨ ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਵੰਤ ਪੰਜਾਬੀ, ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ, ਸੁਪਡੈਂਟ ਸਵਰਨ ਕੌਰ, ਖੋਜ ਸਹਾਇਕ ਹਰਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *