ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਟੀ.ਬੀ. ਮਰੀਜਾਂ ਨੂੰ ਪੋਸ਼ਨ ਕਿੱਟਾਂ ਵੰਡੀਆਂ

– ਹੁਣ ਤੱਕ ਜ਼ਿਲ੍ਹੇ ਅੰਦਰ ਲੋੜਵੰਦ ਮਰੀਜ਼ਾਂ ਨੂੰ 845 ਪੋਸ਼ਣ ਕਿੱਟਾਂ ਮੁਹੱਈਆ ਕਰਵਾਈਆਂ
(Krishna raja)ਮਾਨਸਾ, 18 ਫਰਵਰੀ 2025: ਸਿਵਲ ਸਰਜਨ ਡਾ. ਅਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਟੀ.ਬੀ. ਮੁਕਤ ਭਾਰਤ ਅਭਿਆਨ ਦੀ 100 ਦਿਨਾਂ ਟੀ.ਬੀ. ਮੁਹਿੰਮ ਜੋਂ 07 ਦਸੰਬਰ 2024 ਤੋਂ 24 ਮਾਰਚ 2025 ਤੱਕ ਜਾਰੀ ਹੈ, ਤਹਿਤ ਮਿਸ਼ਨ ਨਿਕਸ਼ੇ ਮਿੱਤਰਾ ਸਕੀਮ ਅਧੀਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਿਲ੍ਹਾ ਟੀ.ਬੀ. ਅਫ਼ਸਰ ਮਾਨਸਾ ਦੀ ਰਹਿਨੁਮਾਈ ਹੇਠ ਟੀ.ਬੀ. ਦੇ 05 ਲੋੜਵੰਦ ਮਰੀਜ਼ਾਂ ਨੂੰ ਪੋਸ਼ਟਿਕ ਸਮੱਗਰੀ ਦੀਆਂ ਕਿੱਟਾਂ ਪ੍ਰਧਾਨ ਕੀਤੀਆਂ ਗਈਆਂ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਜਨਰਲ ਸਕੱਤਰ ਡਾ. ਸ਼ੇਰਜੰਗ ਸਿੰਘ ਸਿੱਧੂ, ਵਿੱਤ ਸਕੱਤਰ ਡਾ. ਸੁਰੇਸ਼ ਕੁਮਾਰ ਸਿੰਗਲਾ ਦੀ ਨਿਗਰਾਨੀ ਹੇਠ ਟੀਮ ਵੱਲੋਂ ਇੰਨ੍ਹਾਂ ਟੀ.ਬੀ. ਮਰੀਜ਼ਾਂ ਨਾਲ ਨਿੱਜੀ ਰਾਬਤਾ ਕਾਇਮ ਕਰਦਿਆਂ ਕਿੱਟਾਂ ਪ੍ਰਦਾਨ ਕੀਤੀਆ ਗਈਆਂ।
ਇਸ ਮੌਕੇ ਆਈ.ਐਮ.ਏ. ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕਿਹਾ ਕਿ ਜਿੱਥੇ ਟੀ.ਬੀ. ਦੀ ਬਿਮਾਰੀ ਤੋਂ ਬਚਣ ਲਈ ਦਵਾਈਆਂ ਦੀ ਲੋੜ ਹੁੰਦੀ ਹੈ ਉਸ ਦੇ ਨਾਲ ਨਾਲ ਪੋਸ਼ਟਿਕ ਖੁਰਾਕ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਟੀ.ਬੀ. ਦੀ ਬਿਮਾਰੀ ਨਾਲ ਲੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ, ਮਾਨਸਾ ਵੱਲੋਂ ਹਰ ਮਹੀਨੇ ਮਰੀਜ਼ ਦਾ ਇਲਾਜ਼ ਪੂਰਾ ਹੋਣ ਤੱਕ ਪੋਸ਼ਣ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਜਿਲ੍ਹਾ ਟੀ.ਬੀ. ਅਫਸਰ ਡਾ. ਨਿਸ਼ੀ ਸੂਦ ਨੇ ਦੱਸਿਆ ਕਿ ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚ 845 ਕਿੱਟਾਂ ਵੰਡੀਆ ਜਾ ਚੁੱਕੀਆਂ ਹਨ। ਉਨ੍ਹਾਂ ਹੋਰਨਾਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ । ਇਸ ਮੌਕੇ ਸੁਰਿੰਦਰ ਕੁਮਾਰ ਟੀ.ਬੀ. ਸੁਪਰਵਾਈਜਰ ਅਤੇ ਗੁਰਪਿਆਰ ਸਿੰਘ ਹਾਜ਼ਰ ਸਨ।