ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਰਕਾਰੀ ਸਕੂਲ ਮੂਸਾ ਵਿਖੇ ਭਾਸ਼ਣ ਤੇ ਕਾਵਿ ਸਿਰਜਣ ਕਾਰਜਸ਼ਾਲਾ ਕਰਵਾਈ

– ਮਾਂ- ਬੋਲੀ ਮਨੁੱਖ ਦੀ ਪਛਾਣ ਹੈ-ਕਵੀ ਗੁਰਪ੍ਰੀਤ
(krishna raja) ਮਾਨਸਾ, 18 ਫਰਵਰੀ 2025: ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂਸਾ ਵਿਖੇ ਇੰਚਾਰਜ ਪ੍ਰਿੰਸੀਪਲ ਬਿੰਦੂ ਸਿੰਗਲਾ ਦੀ ਪ੍ਰਧਾਨਗੀ ਹੇਠ ਮਾਂ ਬੋਲੀ ਦੇ ਮਹੱਤਵ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਅਤੇ ਕਾਵਿ ਸਿਰਜਣ ਕਾਰਜਸ਼ਾਲਾ ਦਾ ਅਯੋਜਨ ਕੀਤਾ।
ਇਸ ਮੌਕੇ ਵਿਭਾਗ ਦੇ ਖੋਜ ਅਫ਼ਸਰ ਤੇ ਕਵੀ ਗੁਰਪ੍ਰੀਤ ਨੇ ਕਿਹਾ ਕਿ ਮਾਂ ਬੋਲੀ, ਸਿਰਫ ਬੋਲ-ਚਾਲ ਦਾ ਸਾਧਨ ਹੀ ਨਹੀਂ ਹੁੰਦੀ, ਮਨੁੱਖ ਦੀ ਪਛਾਣ ਹੁੰਦੀ ਹੈ, ਉਹਦੇ ਜਿਉਂਦੇ ਹੋਣ ਦੀ ਗਵਾਹੀ ਬਣਦੀ ਹੈ। ਉਨ੍ਹਾਂ ਗੋਰਕੀ ਦੇ ਹਵਾਲੇ ਨਾਲ ਗੱਲ ਕਰਦਿਆਂ ਅੱਗੇ ਕਿਹਾ ਕਿ ਜਿਹੜ੍ਹੀਆਂ ਕੌਮਾਂ ਆਪਣੀ ਮਾਂ-ਬੋਲੀ ਤੋਂ ਬੇਮੁਖ ਹੋ ਜਾਂਦੀਆਂ ਹਨ, ਉਨ੍ਹਾਂ ਦਾ ਪਤਨ ਜਲਦੀ ਹੋ ਜਾਂਦਾ ਹੈ।
ਇਸ ਮੌਕੇ ਕਾਵਿ ਸਿਰਜਣ ਦੇ ਕੁੱਝ ਨੁਕਤੇ ਸਾਂਝੇ ਕਰਦਿਆਂ ਕਵੀ ਗੁਰਪ੍ਰੀਤ ਨੇ ਕਿਹਾ ਕਿ ਸਾਡੇ ਅਨੁਭਵ, ਅਹਿਸਾਸ ਅਤੇ ਵੇਖਣ ਦਾ ਤਰੀਕਾ ਹੀ ਕਾਵਿ ਸਿਰਜਣ ਦੀ ਉਮੰਗ ਨੂੰ ਜਗਾਉਂਦਾ ਹੈ। ਕਵਿਤਾ ਪੜ੍ਹਨਾ ਲਿਖਣਾ ਬੰਦੇ ਨੂੰ ਬਾਹਰ ਦੀ ਬਜਾਇ ਆਪਣੇ ਅੰਦਰ ਵੱਲ ਮੋੜਦਾ ਹੈ। ਆਪਣੇ ਆਪ ਨੂੰ ਸਮਝਣਾ ਹੀ ਦਰਅਸਲ ਦੁਨੀਆ ਨੂੰ ਸਮਝਣਾ ਹੁੰਦਾ ਹੈ।
ਇਸ ਕਾਰਜਸ਼ਾਲਾ ਵਿਚ 20 ਦੇ ਕਰੀਬ ਵਿਦਿਆਰਥੀਆਂ ਨੇ ਕਵਿਤਾਵਾਂ ਲਿਖੀਆਂ। ਗਿਆਰਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਦੀ ਮੌਕੇ ’ਤੇ ਲਿਖੀ ਕਵਿਤਾ ਸਭ ਨੂੰ ਬਹੁਤ ਪਸੰਦ ਆਈ:-
ਲਾਲ ਰੰਗ ਦੀ ਮੇਰੀ ਕੋਟੀ
ਇਕ ਹਫ਼ਤੇ ਤੋਂ ਗਈ ਨ੍ਹੀਂ ਧੋਤੀ।
ਕਿਉਂਕਿ ਐਤਵਾਰ ਨੂੰ ਲੈ ਗਈ ਸੀ ਜੋਤੀ,
ਉਹਨੂੰ ਸੁਹਣੇ ਲੱਗੇ ਸੀ ਇਹਦੇ ਮੋਤੀ।
ਚਾਹੇ ਕਈ ਦਿਨਾਂ ਤੋਂ ਗਈ ਨ੍ਹੀਂ ਧੋਤੀ,
ਤਾਂ ਵੀ ਸੁਹਣੀ ਲੱਗੇ ਮੈਨੂੰ ਮੇਰੀ ਕੋਟੀ।
ਇਸੇ ਤਰ੍ਹਾਂ ਨੌਵੀਂ ਜਮਾਤ ਦੇ ਵਿਦਿਆਰਥੀ ਜਗਦੀਪ ਸਿੰਘ ਦੀ ਰਚੀ ਕਵਿਤਾ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ:-
ਮੇਰੀ ਮਾਂ ਰੋਟੀ ਬਣਾ ਰਹੀ
ਮੈਂ ਹਾਂ ਰੋਟੀ ਖਾ ਰਿਹਾ,
ਸੋਚਦਾਂ ਉਨ੍ਹਾਂ ਬੱਚਿਆਂ ਬਾਰੇ
ਜਿੰਨ੍ਹਾਂ ਦੇ ਮਾਵਾਂ ਨਹੀਂ ਹੁੰਦੀਆਂ।
ਇਸ ਮੌਕੇ ਅਧਿਆਪਕ ਲਖਵੀਰ ਸਿੰਘ, ਸੁਖਵਿੰਦਰ ਕੌਰ, ਲਖਵਿੰਦਰ ਕੌਰ, ਹਰਪ੍ਰੀਤ ਸਿੰਘ ਅਤੇ ਲਾਇਬ੍ਰੇਰੀਅਨ ਬਲਵਿੰਦਰ ਸਿੰਘ ਮੌਜੂਦ ਸਨ। ਪ੍ਰਿੰਸੀਪਲ ਬਿੰਦੂ ਸਿੰਗਲਾ ਨੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਹਿਤ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਦੀ ਸ਼ਲਾਘਾ ਕੀਤੀ।