ਪਟਿਆਲਾ ਹੈਰੀਟੇਜ ਫੈਸਟੀਵਲ-2025- ‘ਰੰਗ ਪੰਜਾਬ ਦੇ’ ਫ਼ੈਸ਼ਨ ਸ਼ੋਅ ‘ਚ ਪੰਜਾਬੀ ਵਿਰਾਸਤ, ਫ਼ੈਸ਼ਨ ਤੇ ਸੰਗੀਤ ਦੇ ਵਿਲੱਖਣ ਜਸ਼ਨ ਨੇ ਲੁੱਟਿਆ ਵਿਰਾਸਤੀ ਮੇਲਾ

0

– ਮੇਅਰ ਕੁੰਦਨ ਗੋਗੀਆ, ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ ਤੇ ਡਿਪਟੀ ਕਮਿਸ਼ਨਰ ਸਮੇਤ ਵੱਡੀ ਗਿਣਤੀ ਪੁੱਜੇ ਪਟਿਆਲਵੀ

– ਸਤਿੰਦਰ ਸੱਤੀ ਨੇ ਵਿਲੱਖਣ ਅੰਦਾਜ ‘ਚ ਗਾਈ ਪੰਜਾਬੀ ਵਿਰਾਸਤ ਤੇ ਇਤਿਹਾਸ ਦੀ ਮਹਿਮਾ

– ਪਟਿਆਲਸ਼ਾਹੀ ਅੰਦਾਜ਼ ਤੇ ਆਧੁਨਿਕ ਫ਼ੈਸ਼ਨ ਦੇ ਮਿਲਾਪ ਨਾਲ ਵਿਖਾਈ ਰਵਾਇਤੀ ਪੰਜਾਬੀ ਲਿਬਾਸ ਦੀ ਸ਼ਾਨ

(Krishna Raja)

ਪਟਿਆਲਾ, 15 ਫਰਵਰੀ 2025: ਪਟਿਆਲਾ ਹੈਰੀਟੇਜ ਫੈਸਟੀਵਲ-2025 ਦੀ ਅੱਜ ਤੀਸਰੀ ਸ਼ਾਮ ਇੱਥੇ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁਲ੍ਹੇ ਵਿਹੜੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ‘ਰੰਗ ਪੰਜਾਬ ਦੇ’ ਫ਼ੈਸ਼ਨ ਸ਼ੋਅ ‘ਚ ਪੰਜਾਬੀ ਵਿਰਾਸਤ, ਫ਼ੈਸ਼ਨ ਤੇ ਸੰਗੀਤ ਦੇ ਵਿਲੱਖਣ ਜਸ਼ਨ ਨੇ ਮੇਲਾ ਲੁੱਟ ਲਿਆ।

ਇਸ ਉਤਸਵ ਦਾ ਉਦਘਾਟਨ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਪ੍ਰਸਿੱਧ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ, ਵੱਲੋਂ ਕਿਲ੍ਹਾ ਮੁਬਾਰਕ ਅੰਦਰ ਬਾਬਾ ਆਲਾ ਸਿੰਘ ਦੇ ਧੂਣੇ ‘ਤੇ 260 ਸਾਲਾਂ ਤੋਂ ਵਧੇਰੇ ਸਾਲਾਂ ਤੋਂ ਜਗਦੀ ਆ ਰਹੀ ਜੋਤ ਤੋਂ ਅਗਨੀ ਲਿਆਕੇ ਦੀਪ ਜਗਾਉਣ ਨਾਲ ਕੀਤਾ ਗਿਆ। ਇਸ ਮੌਕੇ ਐਥਨਿਕ ਵਾਕ ਫੈਸ਼ਨ ਸ਼ੋਅ ਦੇ ਹੋਸਟ ਤੇ ਮਸ਼ਹੂਰ ਐਂਕਰ, ਕਲਾਕਾਰ, ਕਵੀ ਤੇ ਗਾਇਕਾ ਸਤਿੰਦਰ ਸੱਤੀ,  ਏ.ਡੀ.ਸੀ. (ਜ) ਇਸ਼ਾ ਸਿੰਗਲ, ਮੈਡਮ ਕੰਚਨ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਸਤਿੰਦਰ ਸੱਤੀ ਦੀ ਅਗਵਾਈ ਵਾਲੇ ਐਥਨਿਕ ਵਾਕ ਫੈਸ਼ਨ ਸ਼ੋਅ ਵਿੱਚ ਪੰਜਾਬੀ ਪਹਿਰਾਵਿਆਂ ਦਾ ਆਧੁਨਿਕ ਸੁਮੇਲ ‘ਚ ਮਸ਼ਹੂਰ ਡਿਜ਼ਾਈਨਰ ਐਲੀ ਅਤੇ ਕਿਮ ਨੇ ਪੰਜਾਬੀ ਪਹਿਰਾਵਿਆਂ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼ ਕੀਤਾ। ਦੋ ਦਰਜਨ ਦੇ ਕਰੀਬ ਮਸ਼ਹੂਰ ਵੱਖ-ਵੱਖ ਮਾਡਲਾਂ ਨੇ ਪਟਿਆਲਸ਼ਾਹੀ ਅੰਦਾਜ਼ ਅਤੇ ਆਧੁਨਿਕ ਫ਼ੈਸ਼ਨ ਦਾ ਮਿਲਾਪ ਦਰਸਾਉਂਦੇ ਹੋਏ, ਰਵਾਇਤੀ ਪੰਜਾਬੀ ਲਿਬਾਸ ਦੀ ਸ਼ਾਨ ਵਿਖਾਈ।

ਇਸ ਦੌਰਾਨ ਲੁਪਤ ਹੋ ਰਹੀ ਹੱਥਾਂ ਨਾਲ ਕਢਾਈ, ਭਾਰਤੀ ਆਰਕੀਟੈਕਟ ‘ਤੇ ਅਧਾਰਿਤ ਡਿਜ਼ਾਈਨ ਵਾਲੇ ਕੁੜੀਆਂ ਲਈ ਸਲਵਾਰ ਸੂਟ, ਲਹਿੰਗਾ, ਸ਼ਰਾਰਾ, ਗਰਾਰਾ, ਅਨਾਰਕਲੀ ਅਤੇ ਮੁੰਡਿਆਂ ਲਈ ਸ਼ੇਰਵਾਨੀ, ਕੁੜਤੇ ਅਤੇ ਆਫਰੀਨ ਡਿਜ਼ਾਈਨ ਦੀਆਂ ਜੁੱਤੀਆਂ ਦੇ ਖ਼ੁਦ ਬਣਾਏ ਨਮੂਨੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।

ਇਸ ਫ਼ੈਸ਼ਨ ਸ਼ੋਅ ‘ਚ ਵਿਰਾਸਤ, ਫੈਸ਼ਨ ਤੇ ਸੰਗੀਤ ਦੇ ਸੁਮੇਲ ਨੇ ਪੰਜਾਬੀ ਸੱਭਿਆਚਾਰ, ਇਤਿਹਾਸ, ਅਤੇ ਆਧੁਨਿਕ ਰੁਝਾਨਾਂ ਦੇ ਸ਼ਾਨਦਾਰ ਮਿਲਾਪ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ। ਜਦੋਂਕਿ ਸਤਿੰਦਰ ਸੱਤੀ ਨੇ ਆਪਣੇ ਖਾਸ ਅੰਦਾਜ਼ ਨਾਲ ਪੰਜਾਬੀ ਵਿਰਾਸਤ ਅਤੇ ਇਤਿਹਾਸ ਦੀ ਮਹਿਮਾ ਗਾਈ ਤੇ ਦਰਸ਼ਕਾਂ ‘ਚ ਇੱਕ ਵੱਖਰੀ ਭਾਵਨਾਤਮਕ ਲਹਿਰ ਭਰੀ ਤੇ ਦਰਸ਼ਕਾਂ ਦਾ ਮਨ ਮੋਹ ਲਿਆ।ਪ੍ਰਸਿੱਧ ਗਾਇਕਾ ਜੈਸਮਿਨ ਅਖ਼ਤਰ ਨੇ ਆਪਣੀ ਸੁਰੀਲੀ ਆਵਾਜ਼ਾ ‘ਚ ਲੋਕਗੀਤਾਂ ਅਤੇ ਗ਼ਜ਼ਲਾਂ ਦੀ ਭਾਵਪੂਰਤ ਪੇਸ਼ਕਾਰੀ ਕਰਕੇ ਫ਼ੈਸ਼ਨ ਸ਼ੋਅ ਦੀ ਸ਼ਾਮ ਅਨੋਖੀ ਬਣਾ ਦਿੱਤੀ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਪਟਿਆਲਾ ਵਿਰਾਸਤੀ ਮੇਲਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਕੁੰਦਨ ਗੋਗੀਆ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਅਜਿਹੇ ਮੇਲੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਇੱਕ ਨਵੀਂ ਪਛਾਣ ਦੇਣਗੇ।

ਇਸ ਮੌਕੇ ਸੀ.ਏ. ਪੀ.ਡੀ.ਏ. ਮਨੀਸ਼ਾ ਰਾਣਾ, ਸਮਾਗਮ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਜ) ਇਸ਼ਾ ਸਿੰਗਲ, ਐਸ.ਡੀ.ਐਮ ਸਮਾਣਾ ਤਰਸੇਮ ਚੰਦ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ ਸਮੇਤ ਵੱਡੀ ਗਿਣਤੀ ਪਟਿਆਵਲੀ ਮੌਜੂਦ ਸਨ।

About The Author

Leave a Reply

Your email address will not be published. Required fields are marked *