ਸਰਸ ਮੇਲੇ ’ਚ ਵਿਦਿਆਰਥੀਆਂ ਦੇ ਕਰਵਾਏ ਰੰਗੋਲੀ ਮੁਕਾਬਲੇ

– ਰੰਗਲੇ ਪੰਜਾਬ ਤੇ ਬੇਟੀ ਬਚਾਓ ਬੇਟੀ ਪੜਾਓ ਦੇ ਥੀਮ ਦੇ ਹੋਏ ਰੰਗੋਲੀ ਮੁਕਾਬਲੇ
– ਪਟਿਆਲਾ ’ਚ ਲੱਗੇ ਸਰਸ ਮੇਲੇ ਦਾ ਪਟਿਆਲਵੀ ਲੁਤਫ਼ ਉਠਾਉਣ : ਅਨੁਪ੍ਰਿਤਾ ਜੌਹਲ
(Krishna Raja)
ਪਟਿਆਲਾ, 15 ਫਰਵਰੀ 2025: ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿਹੜੇ ’ਚ ਸਜਿਆ ਸਰਸ ਮੇਲਾ ਜਿਥੇ ਪੂਰੇ ਭਾਰਤ ਦੇ ਦਸਤਕਾਰੀ ਦੇ ਹੁਨਰ ਅਤੇ ਸਭਿਆਚਾਰ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ, ਉਥੇ ਹੀ ਇਹ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। ਇਸ ਲੜੀ ਤਹਿਤ ਸਰਸ ਮੇਲੇ ਦੇ ਨੋਡਲ ਅਫ਼ਸਰ ਏ.ਡੀ.ਸੀ. ਅਨੁਪ੍ਰਿਤਾ ਜੌਹਲ ਦੀ ਅਗਵਾਈ ’ਚ ਰੰਗਲੇ ਪੰਜਾਬ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਿਰਲੇਖ ਹੇਠ ਵਿਦਿਆਰਥੀਆਂ ਦੇ ਰੰਗੋਲੀ ਮੁਕਾਬਲੇ ਕਰਵਾਏ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਸ ਮੇਲੇ ’ਚ ਰੋਜ਼ਾਨਾ ਭਾਰਤ ਦੇ ਅਮੀਰ ਵਿਰਸੇ ਨੂੰ ਸਮਰਪਿਤ ਅੰਤਰ ਕਾਲਜ ਅਤੇ ਅੰਤਰ ਸਕੂਲ ਸਭਿਆਚਾਰਕ, ਲੋਕ ਕਲਾਵਾਂ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਪਟਿਆਲਵੀਆਂ ਨੂੰ ਪਟਿਆਲਾ ਵਿੱਚ ਕਈ ਸਾਲ ਬਾਅਦ ਲੱਗੇ ਸਰਸ ਮੇਲੇ ਦਾ ਲੁਤਫ਼ ਉਠਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਆਏ ਸ਼ਿਲਪਕਾਰਾਂ ਤੇ ਦਸਤਕਾਰਾਂ ਦੀਆਂ ਬਣਾਈਆਂ ਵਸਤਾਂ ਦੀ ਖਰੀਦੋ ਫਰੋਖਤ ਦੇ ਨਾਲ ਨਾਲ ਸਰਸ ਮੇਲੇ ’ਚ ਵੱਖ ਵੱਖ ਸੂਬਿਆਂ ਦੇ ਲੋਕ ਨਾਚ ਵੀ ਦੇਖਣ ਨੂੰ ਮਿਲਣਗੇ।
ਸਭਿਆਚਾਰਕ ਪ੍ਰੋਗਰਾਮਾਂ ਦੀ ਦੇਖ ਰੇਖ ਕਰ ਰਹੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਜ਼ਿਲ੍ਹਾ ਬਾਲ ਵਿਕਾਸ ਅਤੇ ਸੰਭਾਲ ਅਫ਼ਸਰ ਸ਼ਾਇਨਾ ਕਪੂਰ ਨੇ ਦੱਸਿਆ ਕਿ ਅੱਜ ਰੰਗੋਲੀ ਮੁਕਾਬਲੇ ਵਿਚ 21 ਸਕੂਲ ਅਤੇ ਕਾਲਜਾਂ ਦੇ 145 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚ ਕਾਲਜ ਕੈਟਾਗਰੀ ਵਿੱਚ ਪਹਿਲਾ ਸਥਾਨ ਸਰਕਾਰੀ ਆਈ ਟੀ ਆਈ ਲੜਕੀਆਂ ਪਟਿਆਲਾ ਤੇ ਸਕੂਲ ਕੈਟਾਗਰੀ ਵਿਚ ਅਲਾਇੰਸ ਇੰਟਰਨੈਸ਼ਨਲ ਪਬਲਿਕ ਸਕੂਲ ਬਨੂੜ ਨੇ ਪ੍ਰਾਪਤ ਕੀਤਾ। ਦੂਜੇ ਸਥਾਨ ਡੀ.ਏ.ਵੀ ਗਲੋਬਲ ਸਕੂਲ ਅਤੇ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਨੇ ਹਾਸਲ ਕੀਤਾ ਅਤੇ ਤੀਸਰੀ ਪੁਜ਼ੀਸ਼ਨ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਨੌਰ ਨੇ ਪ੍ਰਾਪਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਮੇਲਾ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੈਡਲ ਤਕਸੀਮ ਕੀਤੇ ਗਏ।