ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ 7 ਦਿਨਾਂ ਐਨਐਸਐਸ ਕੈਂਪ ਦਾ ਆਯੋਜਨ

(Krishna Raja)ਪਟਿਆਲਾ, 9 ਫਰਵਰੀ 2025: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਅਨੁਭਵ ਵਾਲੀਆ ਦੀ ਅਗਵਾਈ ਹੇਠ ਇੱਕ ਸਫਲ 7 ਦਿਨਾਂ ਐਨਐਸਐਸ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਐਨਐਸਐਸ ਕੋਆਰਡੀਨੇਟਰ ਡਾ. ਸੁਮਨ ਕੌਰ ਅਤੇ ਪ੍ਰੋਗਰਾਮ ਅਫਸਰ ਡਾ. ਹਰਜੋਤ ਕੌਰ ਦੀ ਗਤੀਸ਼ੀਲ ਅਗਵਾਈ ਹੇਠ ਚਲਾਇਆ ਗਿਆ। 1 ਤੋਂ 7 ਫਰਵਰੀ ਤੱਕ, ਸਮਰਪਿਤ ਐਨਐਸਐਸ ਵਲੰਟੀਅਰਾਂ ਅਤੇ ਸਟਾਫ ਮੈਂਬਰਾਂ ਨੇ ਪਟਿਆਲਾ ਦੇ ਬਾਹਰਵਾਰ ਸਥਿਤ ਸਿਓਣਾ, ਲਚਕਣੀ, ਆਲੋਵਾਲ, ਰੋੜੇਵਾਲ ਸਾਹਿਬ, ਸਿੱਧੂਵਾਲ ਅਤੇ ਲੰਗ ਸਮੇਤ ਕਈ ਪਿੰਡਾਂ ‘ਚ ਸਮਰਪਿਤ ਕੈਂਪ ਲਗਾਏ।
ਕੈਂਪ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਆਪਸੀ ਭਾਈਚਾਰੇ ਦੇ ਉਦੇਸ਼ ਨਾਲ ਕਈ ਤਰ੍ਹਾਂ ਦੀਆਂ ਪ੍ਰਭਾਵਸ਼ਾਲੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਨੁੱਕੜ ਨਾਟਕ-ਨਸ਼ਾ ਛੁਡਾਊ, ਸਿੰਗਲ-ਯੂਜ਼ ਪਲਾਸਟਿਕ ਦੇ ਖ਼ਤਰੇ ਅਤੇ ਸਾਖਰਤਾ ਦੀ ਮਹੱਤਤਾ ਵਰਗੇ ਮਹੱਤਵਪੂਰਨ ਮੁੱਦੇ ਛੋਹੇ ਗਏ।ਇਸੇ ਤਰ੍ਹਾਂ ਪਿੰਡਾਂ ਦੇ ਅੰਦਰ ਸਫਾਈ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਸਫਾਈ ਮੁਹਿੰਮ ਵਿੱਢੀ ਗਈ।




ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਖੇਡ ਓਰੀਐਂਟੇਸ਼ਨ ਸੈਸ਼ਨ ਜੋ ਇੱਕ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ -ਨਾਲ ਕਰੀਅਰ ਕਾਉਂਸਲਿੰਗ ਵੀ ਕੀਤੀ ਗਈ।’ਆਪਣਾ ਫਰਜ਼ ਸੇਵਾ ਸੋਸਾਇਟੀ’ ਦਾ ਦੌਰਾ ਕਰਕੇ ਭਾਈਚਾਰਕ ਸੇਵਾ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕੀਤੀ।ਇਸ ਦੇ ਨਾਲ ਹੀ ਜਾਗਰੂਕਤਾ ਪੈਦਾ ਕਰਨ ਲਈ ਸਥਾਨਕ ਗੁਰਦੁਆਰਿਆਂ ਵਿੱਚ ਭਾਈਚਾਰਕ ਸੇਵਾ ਪਹਿਲਕਦਮੀਆਂ ਅਤੇ ਨਸ਼ਾ ਛੁਡਾਊ ‘ਤੇ ਰੈਲੀਆਂ ਵੀ ਕੀਤੀਆਂ ਗਈਆਂ। ਰਾਉਂਡ ਗਲਾਸ ਫਾਊਂਡੇਸ਼ਨ ਵਿਖੇ ਸੱਭਿਆਚਾਰਕ ਗਤੀਵਿਧੀਆਂ ਅਤੇ ਵਾਤਾਵਰਣ ਪੱਖੀ ਮੁਹਿੰਮ ਨੂੰ ਉਤਸ਼ਾਹਿਤ ਕੀਤਾ ਗਿਆ।
ਯੂਨੀਵਰਸਿਟੀ ਪ੍ਰਬੰਧਨ ਨੇ ਸਾਰੇ ਸਟਾਫ਼ ਮੈਂਬਰਾਂ, ਉਤਸ਼ਾਹੀ ਐਨ.ਐਸ.ਐਸ ਵਲੰਟੀਅਰਾਂ ਅਤੇ ਪਿੰਡਾਂ ਦੀਆਂ ਸਥਾਨਕ ਸੰਸਥਾਵਾਂ ਅਤੇ ਉਨ੍ਹਾਂ ਦੇ ਸਕੂਲ ਸੰਗਠਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪਹਿਲਕਦਮੀ ਨੂੰ ਸ਼ਾਨਦਾਰ ਸਫਲਤਾ ਦੇਣ ਲਈ ਇੱਕ ਟੀਮ ਦਾ ਰੂਪ ਲਿਆ। ਟੀਮ ਮੈਂਬਰਾਂ ਵਿੱਚ ਪ੍ਰੇਮ ਸ਼ਰਮਾ (ਸਾਬਕਾ ਬਾਕਸਿੰਗ ਕੋਚ ਐਨ.ਆਈ.ਐਸ.), ਡਾ ਸਨੇਹ ਲਤਾ, ਡਾ. ਮਨਪ੍ਰੀਤ ਕੌਰ, ਡਾ. ਸੁਖਵੀਰ ਕੌਰ, ਜਗਦੇਵ ਕੁਮਾਰ, ਹਰਦੀਪ ਸਿੰਘ, ਪਰਮਿੰਦਰ ਸਿੰਘ, ਡਾ. ਸਤਿੰਦਰ ਸਿੰਘ, ਡਾ. ਸੁਖਚੈਨ ਸਿੰਘ, ਡਾ ਜੈਦੀਪ ਨੇਗੀ, ਡਾ. ਪੰਕਜ ਪਾਟੀਦਾਰ, ਮਿਸ ਮਾਨਸੀ ਕੌਸ਼ਿਕ, ਮਿਸ ਵਰਮਦੀਪ ਸ਼ਰਮਾ ਅਤੇ ਮਿਸ ਲਵ ਸ਼ਾਮਲ ਸਨ।