ਲਾਲ ਚੰਦ ਕਟਾਰੂਚੱਕ ਨੇ ਜੰਗਲਾਤ ਵਿਭਾਗ ਦੇ ਗੈਸਟ ਹਾਊਸ ਦੀ ਐਕਸਟੈਂਸ਼ਨ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ

0

– ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਰਿਕਾਰਡ ਸਮੇਂ ’ਚ ਮੁਕੰਮਲ ਹੋਵੇਗੀ ਇਮਾਰਤ

– 10 ਲੱਖ ਰੁਪਏ ਨਾਲ ਪੁਰਾਣੇ ਕਮਰਿਆਂ ਦੀ ਹੋਵੇਗੀ ਰੈਨੋਵੇਸ਼ਨ

(Krishna Raja)ਪਠਾਨਕੋਟ, 7 ਫ਼ਰਵਰੀ 2025: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਧਾਰ ਕਲਾਂ ਵਿਖੇ ਜੰਗਲਾਤ ਵਿਭਾਗ ਦੇ ਗੈਸਟ ਹਾਊਸ ਵਿਖੇ ਐਕਸਟੈਂਸ਼ਨ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ। ਇਸ ਬਿਲਡਿੰਗ ਵਿੱਚ ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਦੋ ਹੋਰ ਕਮਰੇ ਅਤੇ ਇੱਕ ਸਵੀਟ ਰੂਮ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਇਥੇ ਬਣੇ ਪੁਰਾਣੇ ਕਮਰਿਆਂ ਦੀ ਰੈਨੋਵੇਸ਼ਨ ਵੀ ਕੀਤੀ ਜਾਵੇਗੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਧਰਮਵੀਰ ਸਿੰਘ ਵਣ ਮੰਡਲ ਅਧਿਕਾਰੀ ਪਠਾਨਕੋਟ, ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।

ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ  ਨੇ ਕਿਹਾ ਕਿ ਗਰੀਨ ਮਿਸ਼ਨ ਪੰਜਾਬ ਤਹਿਤ ਲਗਭਗ 1 ਕਰੋੜ ਰੁਪਏ ਨਾਲ ਬਣਨ ਵਾਲੀ ਇਸ ਇਮਾਰਤ ਨਾਲ ਇਲਾਕੇ ਵਿੱਚ ਸੈਰ-ਸਪਾਟੇ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਤੱਕ ਇਸ ਕਾਰਜ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਿੱਜੀ ਰੁਚੀ ਲੈ ਕੇ ਪਠਾਨਕੋਟ ਨੂੰ ਈਕੋ ਟੂਰੀਜ਼ਮ ਹੱਬ ਬਣਾਉਣ ਲਈ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਰਾਮ ਸਿੰਘ ਪਠਾਣੀਆ ਦੀ ਕਰਮ ਭੂਮੀ ਪਠਾਨਕੋਟ ਗੇਟਵੇਅ ਆਫ਼ ਹਿਮਾਚਲ ਹੈ ਅਤੇ ਇਥੇ ਮਿੰਨੀ ਗੋਆ, ਰਾਵੀ ਦਰਿਆ, ਚਮਰੌੜ ਆਦਿ ਜਿਹੀਆਂ ਕੁਦਰਤੀ ਨਿਆਮਤਾਂ ਅਤੇ ਅਨੋਖੀਆਂ ਸੈਰ-ਸਪਾਟਾ ਥਾਵਾਂ ਮੌਜੂਦ ਹਨ, ਜਿਨ੍ਹਾਂ ਨੂੰ ਵਿਕਸਿਤ ਕਰਨ ਲਈ ਵੱਡੀਆਂ-ਵੱਡੀਆਂ ਸੰਸਥਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਟੂਰਿਜ਼ਮ ਦਾ ਕਾਫ਼ੀ ਸਕੋਪ ਹੈ, ਇਸ ਲਈ ਇਸ ਇਤਿਹਾਸਿਕ ਧਰਤੀ ਨੂੰ ਸੈਰ-ਸਪਾਟਾ ਹੱਬ ਬਣਾਉਣ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।

ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸੇ ਤਰ੍ਹਾਂ ਗੈਸਟ ਹਾਊਸ ਵਿੱਚ ਬਣੇ ਪੁਰਾਣੇ ਕਮਰਿਆਂ ਨੂੰ ਵੀ ਰੈਨੋਵੇਟ ਕੀਤਾ ਜਾਵੇਗਾ ਅਤੇ ਇਸ ਕਾਰਜ ’ਤੇ 10 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੁਹਰਾਇਆ ਕਿ ਮਾਨ ਸਰਕਾਰ ਕੋਲ ਪੰਜਾਬ ਦੇ ਵਿਕਾਸ ਲਈ ਪੈਸੇ ਦੀ ਘਾਟ ਨਹੀਂ ਹੈ।

ਇਸੇ ਦੌਰਾਨ ਹਲਕਾ ਇੰਚਾਰਜ ਸ੍ਰੀ ਅਮਿਤ ਮਿੰਟੂ ਨੇ ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿੱਚ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਧਾਰ ਬਲਾਕ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ ਅਤੇ ਉਨ੍ਹਾਂ ਦੇ ਕੀਤੇ ਉਪਰਾਲਿਆ ਸਦਕਾ ਹੀ ਜਿਲ੍ਹਾ ਪਠਾਨਕੋਟ ਦੇ ਧਾਰ ਖੇਤਰ ਨੂੰ ਇੱਕ ਨਵੀਂ ਪਹਿਚਾਣ ਮਿਲੀ ਹੈ।

About The Author

Leave a Reply

Your email address will not be published. Required fields are marked *