ਪੰਜਾਬ ਸਰਕਾਰ ਦੇ ਸ਼ਿਕਾਇਤ ਨਿਵਾਰਨ ਸਿਸਟਮ ਸਬੰਧੀ ਅਧਿਕਾਰੀਆਂ ਨੂੰ ਦਿੱਤੀ ਸਿਖਲਾਈ
-ਕਿਸੇ ਵੀ ਵਿਭਾਗ ਸਬੰਧੀ ਆਨਲਾਈਨ ਕੀਤੀ ਜਾ ਸਕਦੀ ਹੈ ਸ਼ਿਕਾਇਤ
ਫਾਜ਼ਿਲਕਾ, 5 ਫਰਵਰੀ 2025: ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਪੰਜਾਬ ਸ਼ਿਕਾਇਤ ਨਿਵਾਰਨ ਸਿਸਟਮ ਦੇ ਨੋਡਲ ਅਫਸਰਾਂ ਨੂੰ ਇਸ ਸ਼ਿਕਾਇਤ ਨਿਵਾਰਨ ਪ੍ਰਣਾਲੀ ਸਬੰਧੀ ਸਿਖਲਾਈ ਦਿੱਤੀ ਗਈ। ਇਸ ਸਬੰਧੀ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਅਧਿਕਾਰੀ ਜਸਕਰਨ ਸਿੰਘ ਨੇ ਦੱਸਿਆ ਕਿ ਨਾਗਰਿਕ ਪੰਜਾਬ ਸਰਕਾਰ ਦੇ ਪੋਰਟਲ https://connect.punjab.gov.in/ ਤੋਂ ਇਲਾਵਾ ਐਮ ਸੇਵਾ ਮੋਬਾਈਲ ਐਪ ਜਾਂ ਫੋਨ ਨੰਬਰ 1100 ਜਾਂ ਸੇਵਾ ਕੇਂਦਰ ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ।
ਉਹਨਾਂ ਨੇ ਕਿਹਾ ਕਿ ਇਹਨਾਂ ਸ਼ਿਕਾਇਤਾਂ ਦਾ ਸਮਾਂ ਬੱਧ ਨਿਪਟਾਰਾ ਕੀਤਾ ਜਾਣਾ ਯਕੀਨੀ ਬਣਾਇਆ ਜਾਂਦਾ ਹੈ। ਉਨਾਂ ਨੇ ਸਾਰੇ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਦੋਂ ਵੀ ਕੋਈ ਆਨਲਾਈਨ ਪੱਧਰ ਤੇ ਸ਼ਿਕਾਇਤ ਆਉਂਦੀ ਹੈ ਤਾਂ ਉਸਦਾ ਦਿੱਤੇ ਗਏ ਸਮੇਂ ਦੇ ਅੰਦਰ ਨਿਪਟਾਰਾ ਕੀਤਾ ਜਾਵੇ ਅਤੇ ਨਾਗਰਿਕਾਂ ਦੀ ਸ਼ਿਕਾਇਤ ਦਾ ਸਹੀ ਤਰੀਕੇ ਨਾਲ ਨਿਵਾਰਨ ਕੀਤਾ ਜਾਵੇ। ਉਨ੍ਹਾਂ ਨੇ ਇਸ ਸਬੰਧੀ ਸਾਰੀ ਕਾਰਜਪ੍ਰਣਾਲੀ ਦੀ ਮੌਕੇ ਤੇ ਜਾਣਕਾਰੀ ਦਿੱਤੀ ਅਤੇ ਪਹਿਲੀ ਅਤੇ ਦੂਜੀ ਅਪੀਲੈਂਟ ਅਥਾਰਟੀ ਸਬੰਧੀ ਵੀ ਜਾਣਕਾਰੀ ਦਿੱਤੀ ਗਈ।