ਭਾਸ਼ਾ ਵਿਭਾਗ ਵੱਲੋਂ ਨਵੀਂ ਦਿੱਲੀ ਦੇ ਪੰਜਾਬ ਭਵਨ ਵਿੱਚ 20 ਹੋਰ ਦਾਨਸ਼ਵਰਾਂ ਦੀਆਂ ਤਸਵੀਰਾਂ ਸਥਾਪਿਤ

0

ਪਟਿਆਲਾ, 1 ਫਰਵਰੀ 2025: ਭਾਸ਼ਾ ਵਿਭਾਗ, ਪੰਜਾਬ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੇਵਲ ਸਿਧਾਂਤਕ ਤੌਰ ‘ਤੇ ਕਾਰਜ ਨਹੀਂ ਕਰਦਾ ਸਗੋਂ ਇਸ ਦੀ ਵਿਹਾਰਕਤਾ ਇਸ ਤੋਂ ਵੀ ਕਿਤੇ ਜ਼ਿਆਦਾ ਹੈ। ਇਸ ਲੜੀ ਵਿਚ ਭਾਸ਼ਾ ਵਿਭਾਗ, ਪੰਜਾਬ ਪੰਜਾਬੋਂ ਬਾਹਰ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਸਾਰਨ ਲਈ ਕਾਰਜ ਕਰ ਰਿਹਾ ਹੈ। ਬੀਤੇ ਕੱਲ੍ਹ ਨਵੀਂ ਦਿੱਲੀ ਦੇ ਪੰਜਾਬ ਭਵਨ ਵਿਖੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਦੇ ਪ੍ਰਬੁੱਧ ਲੇਖਕਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਨ੍ਹਾਂ ਨਾਲ ਪੰਜਾਬੀ ਲੇਖਕਾਂ ਦੀ ਵਿਰਾਸਤ ਨੂੰ ਪੰਜਾਬੋਂ  ਬਾਹਰ ਵਿਸਥਾਰਿਆ ਜਾਵੇਗਾ।

ਇਸ ਮੌਕੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਭਵਨ ਦਾ ਪੰਜਾਬੀ ਦੇ ਵੱਡੇ ਲੇਖਕਾਂ ਦੀਆਂ ਤਸਵੀਰਾਂ ਨਾਲ ਸ਼ਿੰਗਾਰ ਨਾਲ ਸਾਡਾ ਸਿਰ ਹੀ ਉੱਚਾ ਨਹੀਂ ਹੋਵੇਗਾ ਸਗੋਂ ਪੰਜਾਬੀ ਦੀ ਸੀਮਾ ਵੀ ਵਧੇਗੀ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਹੋਰ ਤਸਵੀਰਾਂ ਪੰਜਾਬ ਭਵਨ ਵਿੱਚ ਲਗਾਈਆ ਜਾਣਗੀਆਂ।

ਬੀਤੇ ਕੱਲ੍ਹ ਜਿਹਨਾਂ ਨਾਮਵਰ ਲੇਖਕਾਂ ਦੀਆਂ ਤਸਵੀਰਾਂ ਲਗਾਈਆਂ ਉਹਨਾਂ ਵਿੱਚ ਪ੍ਰੋ. ਪੂਰਨ ਸਿੰਘ, ਨੰਦ ਲਾਲ ਨੂਰਪੁਰੀ, ਸੰਤ ਰਾਮ ਉਦਾਸੀ, ਬਲਵੰਤ ਗਾਰਗੀ, ਗੁਰਮੁਖ ਸਿੰਘ ਮੁਸਾਫ਼ਿਰ, ਸਹਾਦਤ  ਹਸਨ ਮੰਟੋ, ਨੌਰਾ ਰਿਚਰਡਜ਼, ਗੁਰਬਖਸ਼ ਸਿੰਘ ਪ੍ਰੀਤਲੜੀ, ਬਾਬੂ ਰਜਬ ਅਲੀ, ਭਾਈ ਕਾਨ੍ਹ ਸਿੰਘ ਨਾਭਾ, ਦਵਿੰਦਰ ਸਤਿਆਰਥੀ, ਧਨੀ ਰਾਮ ਚਾਤ੍ਰਿਕ, ਡਾ.ਜਗਤਾਰ, ਗਿਆਨੀ ਹੀਰਾ ਸਿੰਘ ਦਰਦ, ਗੁਰਦਿਆਲ ਸਿੰਘ, ਗੁਰਸ਼ਰਨ ਸਿੰਘ, ਪੰਡਿਤ ਸ਼ਰਧਾ ਰਾਮ ਫਿਲੌਰੀ ਸ਼ਾਮਿਲ ਸਨ। ਇਸ ਮੌਕੇ ਉਹਨਾਂ ਪੰਜਾਬ ਭਵਨ ਦੀ ਡਿਪਟੀ  ਰੈਜੀਡੈਂਟ ਕਮਿਸ਼ਨਰ ਸ੍ਰੀਮਤੀ ਆਸਿਤਾ ਸ਼ਰਮਾ ਨਾਲ ਵਾਅਦਾ ਕੀਤਾ ਕਿ ਸਾਲ ਦੇ ਅਖੀਰ ਤੱਕ 100 ਪੰਜਾਬੀ ਦਾਨਿਸ਼ਵਰਾਂ ਦੀਆਂ ਤਸਵੀਰਾਂ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਜਾਵੇ। ਇਸ ਮੌਕੇ ਸ੍ਰੀ ਆਲੋਕ ਚਾਵਲਾ, ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਡਾ. ਅਜੀਤਪਾਲ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ, ਸ. ਭੁਪਿੰਦਰਪਾਲ ਸਿੰਘ, ਸੁਪਰਡੈਂਟ, ਡਾ. ਸੰਤੋਖ ਸਿੰਘ ਸੁੱਖੀ, ਖੋਜ ਅਫ਼ਸਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *