’ਬੇਟੀ ਬਚਾਓ-ਬੇਟੀ ਪੜ੍ਹਾਓ’: ਬੇਟੀਆਂ ਹਰ ਖੇਤਰ ’ਚ ਬੁਲੰਦੀਆਂ ਛੋਹਣ ਦੇ ਸਮਰੱਥ, ਬੇਟੀਆਂ ਦੇ ਵਿਕਾਸ ਨਾਲ ਸਮਾਜ ਹੋਵੇਗਾ ਹੋਰ ਮਜ਼ਬੂਤ :  ਡਿਪਟੀ ਕਮਿਸ਼ਨਰ

0

– ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਧੀਆਂ ਦੀ ਲੋਹੜੀ ਦਾ ਜ਼ਿਲ੍ਹਾ ਪੱਧਰੀ ਸਮਾਗਮ ਕਰਾਇਆ

– 121 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ, ਕੰਬਲ ਅਤੇ ਹੋਰ ਰਵਾਇਤੀ ਸਮਾਨ ਕੀਤਾ ਭੇਟ

– ਬੇਟੇ-ਬੇਟੀ ’ਚ ਕੋਈ ਫਰਕ ਨਾ ਹੋਵੇ : ਕੋਮਲ ਮਿੱਤਲ

ਹੁਸ਼ਿਆਰਪੁਰ, 23 ਫਰਵਰੀ 2025: ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਅੱਜ ਇਥੇ ਧੀਆਂ ਦੀ ਲੋਹੜੀ ਦਾ ਜ਼ਿਲ੍ਹਾ ਪੱਧਰੀ ਸਮਾਗਮ ਕਰਾਇਆ ਗਿਆ ਜਿਥੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਬੇਟੇ-ਬੇਟੀ ’ਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਬੇਟੀਆਂ ਹਰ ਖੇਤਰ ’ਚ ਬੁਲੰਦੀਆਂ ਛੋਹਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਬੇਟੀਆਂ ਦੇ ਸਰਬਪੱਖੀ ਵਿਕਾਸ ਨਾਲ ਸਮਾਜ ਨੂੰ ਹੋਰ ਮਜ਼ਬੂਤੀ ਮਿਲੇਗੀ।

ਨੇੜਲੇ ਪਿੰਡ ਦੋਲੋਵਾਲ ਵਿਖੇ ਕਰਵਾਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਵੱਡੀ ਗਿਣਤੀ ਵਿਚ ਸ਼ਾਮਲ ਮਹਿਲਾਵਾਂ ਨੇ ਭੁੱਗਾ ਬਾਲਦਿਆਂ ਪੂਰੇ ਚਾਵਾਂ ਨਾਲ 121 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ। ਡਿਪਟੀ ਕਮਿਸ਼ਨਰ ਨੇ 121 ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਕੰਬਲ, ਲੋਹੜੀ ਅਤੇ ਹੋਰ ਰਵਾਇਤੀ ਸਮਾਨ ਦੇ ਕੇ ਧੀਆਂ ਦੀ ਲੋਹੜੀ ਮਨਾਉਣ ਲਈ ਉਨ੍ਹਾਂ ਦੀ ਸਲਾਹੁਤਾ ਕੀਤੀ। ਕੋਮਲ ਮਿੱਤਲ ਨੇ ਕਿਹਾ ਕਿ ਲੜਕੀਆਂ ਹੀ ਸਹੀ ਅਰਥਾਂ ਵਿੱਚ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੜਕੇ-ਲੜਕੀ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਹਰ ਸਾਲ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਾਂਝੇ ਯਤਨਾਂ ਰਾਹੀਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਹੋਰ ਬੁਲੰਦ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਬੱਚੀਆਂ ਨੂੰ ਚੰਗੀ ਸਿਹਤ ਦੇ ਨਾਲ-ਨਾਲ ਚੰਗੀ ਸਿੱਖਿਆ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਦਾ ਉਦੇਸ਼ ਧੀਆਂ ਦੀ ਤਰੱਕੀ ਦੀ ਕਾਮਨਾ ਕਰਨ ਦੇ ਨਾਲ-ਨਾਲ ਔਰਤਾਂ ਦੀ ਚੰਗੀ ਸਿਹਤ, ਜੀਵਨ ਪੱਧਰ ਵਿਚ ਲੋੜੀਂਦੇ ਸੁਧਾਰ, ਔਰਤਾਂ ਨੂੰ ਸਵੈਰੋਜ਼ਗਾਰ ਅਤੇ ਸੈਲਫ ਹੈਲਪ ਗਰੁੱਪਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਇਨ੍ਹਾਂ ਖੇਤਰਾਂ ਵਿਚ ਲੋੜੀਂਦੇ ਨਤੀਜੇ ਅਤੇ ਵਿਕਾਸ ਨੂੰ ਹਾਸਲ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਗਮ ਦੌਰਾਨ ਸਿਹਤ ਵਿਭਾਗ ਵਲੋਂ ਵਿਸ਼ੇਸ਼ ਸਿਹਤ ਜਾਂਚ ਕੈਂਪ, ਰੋਜ਼ਗਾਰ ਵਿਭਾਗ ਵਲੋਂ ਲੜਕੀਆ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ, ਸੈਲਫ ਹੈਲਪ ਗਰੁੱਪਾਂ ਵਲੋਂ ਆਪਣੀਆਂ ਬਣਾਈਆਂ ਵਸਤਾਂ ਦੀ ਪੇਸ਼ਕਾਰੀ, ਪੋਸ਼ਣ ਅਭਿਆਨ, ਸੱਖੀ ਵਨ ਸਟਾਫ ਸੈਂਟਰ ਆਦਿ ਦੇ ਸਟਾਲਾਂ ਰਾਹੀਂ ਔਰਤਾਂ ਵਲੋਂ ਜਾਣਕਾਰੀ ਹਾਸਲ ਕਰਨ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਬੱਚੀਆਂ ਦਾ ਆਗਣਵਾੜੀ ਵਰਕਰਾਂ ਨਾਲ ਬੋਲੀਆਂ ਪਾ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਉਪਲੱਬਧੀਆਂ ਹਾਸਿਲ ਕਰਨ ਵਾਲੀਆਂ 10 ਲੜਕੀਆਂ ਅਤੇ 1 ਮਹਿਲਾ ਉੱਦਮੀ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚੋਂ 5 ਲੜਕੀਆਂ ਸਿੱਖਿਆ ਅਤੇ 5 ਲੜਕੀਆਂ ਖੇਡ ਖੇਤਰ ਨਾਲ ਸਬੰਧਤ ਸਨ। ਇਸ ਕੈਂਪ ਵਿੱਚ ਢਾਈ ਸੌ ਤੋਂ ਵੱਧ ਔਰਤਾਂ ਦਾ ਚੈਕਅੱਪ ਕੀਤਾ ਗਿਆ ਅਤੇ 400 ਲੜਕੀਆਂ ਅਤੇ ਮਹਿਲਾਵਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ।

ਜਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਵਿਸ਼ੇਸ਼ ਜਾਣਕਾਰੀ ਵੀ ਦਿੱਤੀ। ਇਸ ਮੌਕੇ ਲੜਕੀਆਂ ਵੱਲੋਂ ਲੋਹੜੀ ਦੇ ਗੀਤ ਵੀ ਗਾਏ ਗਏ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਇਕ ਸੈਲਫੀ ਕਾਰਨਰ ਵੀ ਸਥਾਪਿਤ ਕੀਤਾ ਗਿਆ ਸੀ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਰਜਿੰਦਰ ਕੌਰ, ਸਹਾਇਕ ਸਿਵਲ ਸਰਜਨ ਸੀਮਾ ਗਰਗ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਮਨਦੀਪ ਕੌਰ, ਜ਼ਿਲਾ ਭਲਾਈ ਅਫਸਰ ਹਰਪਾਲ ਸਿੰਘ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ ਅਤੇ ਸੀ.ਡੀ.ਪੀ.ਓ. ਰਾਜ ਰਾਣੀ ਆਦਿ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *