ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਚੂੜੀਵਾਲਾ ਧੰਨਾ ਵਿਖੇ ਸਾਹੀਵਾਲ ਕਾਫ ਰੈਲੀ ਕੱਢੀ ਗਈ

ਫਾਜ਼ਿਲਕਾ, 19 ਜਨਵਰੀ 2025: ਪਸ਼ੂ ਪਾਲਣ ਵਿਭਾਗ ਵੱਲੋਂ ਡਾਕਟਰ ਰਾਜੀਵ ਛਾਬੜਾ ਡਿਪਟੀ ਡਾਕਟਰ ਫਾਜ਼ਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਚੂੜੀਵਾਲਾ ਧੰਨਾ ਵਿਖੇ ਕਾਮਧੇਨੂ ਗਊਸ਼ਾਲਾ ਵੈਲਫੇਅਰ ਸੋਸਾਇਟੀ ਚੂਹੜੀ ਵਾਲਾ ਧੰਨਾ ਦੇ ਸਹਿਯੋਗ ਨਾਲ ਸਾਹੀਵਾਲ ਕਾਫ ਰੈਲੀ ਕਰਵਾਈ ਗਈ ਜਿਸ ਵਿੱਚ 53 ਗਾਵਾਂ ਆਈਆਂ ਅਤੇ 95 ਪਸ਼ੂ ਪਾਲਕਾਂ ਨੇ ਭਾਗ ਲਿਆ। ਸੀਨੀਅਰ ਵੈਟਰਨਰੀ ਅਫਸਰ ਫਾਜ਼ਿਲਕਾ ਡਾਕਟਰ ਵਿਜੇ ਕੁਮਾਰ ਅਤੇ ਡਾ. ਮਾਨਵ ਬਿਸ਼ਨੋਈ ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਸਾਹੀਵਾਲ ਪੀ.ਟੀ ਨੇ ਪਸ਼ੂ ਪਾਲਕਾਂ ਨੂੰ ਗਾਵਾਂ ਦੀ ਸਾਂਭ ਸੰਭਾਲ ਅਤੇ ਸਾਹੀਵਾਲ ਨਸਲ ਦੀਆਂ ਗਾਵਾਂ ਬਾਰੇ ਜਾਣਕਾਰੀ ਦਿੱਤੀ।

ਉਹਨਾਂ ਕਿਹਾ ਕਿ ਸਾਹੀਵਾਲ ਗਾਵਾਂ ਦੇ ਨਸਲ ਸੁਧਾਰ ਅਤੇ ਦੁੱਧ ਉਤਪਾਦਨ ਵਧਾਉਣ ਲਈ ਪਸ਼ੂ ਪਾਲਕ ਪਸ਼ੂਆਂ ਦਾ ਗਰਭਦਾਨ ਕਰਾਉਣ ਸਮੇਂ ਡਾਕਟਰਾਂ ਨੂੰ ਚੰਗੀ ਨਸਲ ਦੇ ਸੀਮਨ ਵਰਤੋ ਕਰਨ ਨੂੰ ਕਹਿਣ! ਉਹਨਾਂ ਕਿਹਾ ਕਿ ਵਿਭਾਗ ਵੱਲੋਂ ਵੀ ਚੰਗੀ ਵਧੀਆ ਨਸਲ ਦੇ ਸਾਹੀਵਾਲ ਸੀਮਨ ਨਾਲ ਮਸਨੂਈ ਗਰਭਦਾਨ ਕੀਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਸ਼ੂ ਪਾਲਕ ਆਪਣੇ ਪੱਠਿਆਂ ਚ ਖਾਦਾਂ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕਰਨ ਕਿਉਂਕਿ ਜ਼ਿਆਦਾ ਖਾਦਾਂ ਪੱਠਿਆਂ ਵਿੱਚ ਜ਼ਹਿਰਵਾਦ ਦਾ ਕਾਰਨ ਬਣ ਰਹੀਆਂ ਹਨ।
ਇਸ ਮੌਕੇ ਵੈਟਰਨਰੀ ਇੰਸਪੈਕਟਰ ਮਨਪ੍ਰੀਤ ਸਿੰਘ ਸਮੇਤ ਕਮਧੇਨੂ ਗਾਊਸ਼ਾਲਾ ਵੈਲਫੇਅਰ ਸੋਸਾਇਟੀ ਚੂੜੀਵਾਲਾ ਧੰਨਾ ਦੇ ਪ੍ਰਧਾਨ ਅਤੇ ਮੈਂਬਰ ਸਮੇਤ ਪਿੰਡ ਦੇ ਪੰਚ ਸਰਪੰਚ ਵੀ ਹਾਜ਼ਰ ਸਨ।