ਡਿਪਟੀ ਕਮਿਸ਼ਨਰ ਨੇ ਨਿੱਕੂ ਪਾਰਕ ਦਾ ਕੀਤਾ ਦੌਰਾ

0

– ਝੂਲਿਆਂ ਦੀ ਮੁਰੰਮਤ ਅਤੇ ਸਾਫ-ਸਫਾਈ ‘ਤੇ ਦਿੱਤਾ ਜ਼ੋਰ

– ਕਿਹਾ, ਪਾਰਕ ਦੀ ਨੁਹਾਰ ਬਦਲਣ ਲਈ ਨਹੀਂ ਛੱਡੀ ਜਾਵੇਗੀ ਕੋਈ ਕਮੀ

ਜਲੰਧਰ, 17 ਜਨਵਰੀ 2025: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਨਿੱਕੂ ਪਾਰਕ ਵਿਖੇ ਬੱਚਿਆਂ ਦੇ ਮਨੋਰੰਜਨ ਲਈ ਲਗਾਏ ਝੂਲਿਆਂ, ਪਾਰਕ ਦੀ ਸਾਫ-ਸਫਾਈ, ਰੌਸ਼ਨੀ ਦੇ ਪ੍ਰਬੰਧ ਆਦਿ ਦਾ ਜਾਇਜ਼ਾ ਲਿਆ।

ਇਥੇ ਨਿੱਕੂ ਪਾਰਕ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਚਿਲਡਰਨ ਪਾਰਕ ਕਮੇਟੀ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਿਹੜੇ ਝੂਲਿਆਂ ਦੀ ਮੁਰੰਮਤ ਹੋਣ ਵਾਲੀ ਹੈ, ਸਬੰਧੀ ਪ੍ਰਕਿਰਿਆ ਜਲਦ ਤੋਂ ਜਲਦ ਨੇਪਰੇ ਚਾੜ੍ਹੀ ਜਾਵੇ।

ਡਾ. ਅਗਰਵਾਲ ਨੇ ਕਿਹਾ ਕਿ ਪਾਰਕ ਦੀ ਨੁਹਾਰ ਬਦਲਣ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਇਸ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਉਣ ‘ਤੇ ਉਹਨਾ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਉਨ੍ਹਾਂ ਕਮੇਟੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਾਰਕ ਦੀ ਹਰ ਪੱਖੋਂ ਸਾਫ-ਸਫਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਾਰਕ ਦੇ ਬਾਹਰੋਂ ਕੂੜਾ ਰੋਜ਼ਾਨਾ ਚੁੱਕਿਆ ਜਾਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਪਾਰਕ ਵਿਚਲੇ ਪੱਤਿਆਂ ਅਤੇ ਹੋਰ ਰਹਿੰਦ-ਖੂਹੰਦ ਦੇ ਨਿਪਟਾਰੇ ਲਈ ਉਨ੍ਹਾਂ ਨਗਰ ਨਿਗਮ ਨੂੰ ਪਾਰਕ ਵਿੱਚ ਪਿਟਸ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ, ਤਾਂ ਜੋ ਰਹਿੰਦ-ਖੂਹੰਦ ਤੋਂ ਖਾਦ ਬਣਾਈ ਜਾ ਸਕੇ।

ਨਿੱਕੂ ਪਾਰਕ ਨੂੰ ਹੋਰ ਬਿਹਤਰ ਬਣਾਉਣ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾਰਕ ਬੱਚਿਆਂ ਲਈ ਮਨੋਰੰਜਨ ਦਾ ਵੱਡਾ ਸਥਾਨ ਹੋਣ ਦੇ ਨਾਲ-ਨਾਲ ਸ਼ਹਿਰ ਦੀ ਪਛਾਣ ਦਾ ਵੀ ਪ੍ਰਤੀਕ ਹੈ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਪਾਰਕ ਵਿੱਚ ਨਵੇਂ ਸੀ.ਸੀ.ਟੀ.ਵੀ. ਕੈਮਰੇ ਲਵਾਉਣ ਤੋਂ ਇਲਾਵਾ ਪੁਰਾਣੇ ਖ਼ਰਾਬ ਕੈਮਰਿਆਂ ਦੀ ਤੁਰੰਤ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪਾਰਕ ਵਿੱਚ ਸ਼ਾਮ ਸਮੇਂ ਰੌਸ਼ਨੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਬੱਚਿਆਂ ਅਤੇ ਲੋਕਾਂ ਦੀ ਸਹੂਲਤ ਲਈ ਪਾਰਕ ਵਿੱਚ ਜਲਦ ਤੋਂ ਜਲਦ ਫਲੱਡ ਲਾਈਟਾਂ ਲਵਾਉਣ ਲਈ ਵੀ ਕਿਹਾ।

ਮੀਟਿੰਗ ਵਿੱਚ ਐਸ.ਡੀ.ਐਮ. ਰਣਦੀਪ ਸਿੰਘ ਹੀਰ, ਜੁਆਇੰਟ ਕਮਿਸ਼ਨਰ ਜਲੰਧਰ ਨਗਰ ਨਿਗਮ ਮਨਦੀਪ ਕੌਰ ਤੋਂ ਇਲਾਵਾ ਜਲੰਧਰ ਨਗਰ ਨਿਗਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *