ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਕੈਂਪਸ ਵਿਖੇ ਸ਼ਾਰਟ ਟਰਮ ਕੰਪਿਊਟਰਕੋਰਸਾਂ ਲਈ ਦਾਖਲਾ ਸ਼ੁਰੂ
ਹੁਸ਼ਿਆਰਪੁਰ, 16 ਜਨਵਰੀ 2025: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਕੈਂਪਸ ਵਿੱਚ ਰੈਗੂਲਰ ਡਿਪਲੋਮਾ/ਡਿਗਰੀ ਤੋਂ ਇਲਾਵਾ ਸ਼ਾਰਟ ਟਰਮ ਕੰਪਿਊਟਰ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਸ਼ਾਰਟ ਟਰਮ ਕੰਪਿਊਟਰ ਕੋਰਸਾਂ ਦਾ ਸਮਾਂ ਮਹੀਨੇ ਮਹੀਨੇ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ 75 ਫੀਸਦੀ ਜ਼ਿਲ੍ਹੇ ਦੇ ਸਾਬਕਾ ਸੈਨਿਕ ਅਤੇ ਇਨ੍ਹਾਂ ਤੋਂ ਇਲਾਵਾ 25 ਫੀਸਦੀ ਬਾਕੀ ਰਿਜ਼ਰਵ ਕੈਟੇਗਰੀ (ਐਸ.ਸੀ/ ਐਸ.ਟੀ/ਬੀ. ਸੀ) ਅਤੇ ਹੋਰ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ।
ਉਨ੍ਹਾਂ ਨਵੇਂ ਕੋਰਸ ਚਲਾਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਾਂ ਤਾਂ ਡਿਗਰੀਆਂ ਵੀ ਕਰ ਚੁੱਕੇ ਹੁੰਦੇ ਹਨ ਅਤੇ ਜਾਂ ਕਰ ਰਹੇ ਹੁੰਦੇ ਹਨ, ਪਰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਕੰਮਾਂ ਵਿੱਚ ਮਾਹਿਰ ਨਹੀਂ ਹੁੰਦੇ, ਜਿਵੇਂ ਕਿ ਕੋਈ ਵੀ ਰਿਪੋਰਟ ਤਿਆਰ ਕਰਨਾ, ਕੋਈ ਬੇਨਤੀ ਪੱਤਰ ਲਿਖਣਾ ਜਾਂ ਪ੍ਰਿੰਟ ਕਰਨਾ, ਸਰਕਾਰੀ ਪੋਰਟਲ ’ਤੇ ਆਪਣਾ ਵੇਰਵਾ ਦਾਖਿਲ ਕਰਨਾ, ਜਿਵੇਂ ਆਧਾਰ ਕਾਰਡ, ਪੈਨ ਕਾਰਡ, ਜਾਂ ਰਿਟਰਨਾਂ ਭਰਨ ਲਈ ਯੋਗ ਹੋਣਾ ਆਦਿ। ਇਨ੍ਹਾਂ ਸਾਰੇ ਕੰਮਾਂ ਵਿੱਚ ਅਕੈਡਮਿਕ/ਪ੍ਰੋਫੈਸ਼ਨਲ ਡਿਗਰੀ ਕਰਨ ਦੇ ਬਾਵਜੂਦ ਵੀ ਜ਼ਿਆਦਾਤਰ ਵਿਦਿਆਰਥੀ ਸਹੀ ਸਾਬਿਤ ਨਹੀਂ ਹੁੰਦੇ ਜਦਕਿ ਇਹ ਕੰਮ ਤਾਂ ਰੋਜ਼ਾਨਾ ਜ਼ਿੰਦਗੀ ਦਾ ਨਿਰਵਾਹ ਕਰਨ ਲਈ ਜ਼ਰੂਰੀ ਹਨ।
ਇਨ੍ਹਾਂ ਕਮੀਆਂ ਨੂੰ ਦੇਖਦੇ ਹੋਏ ਇਹ ਕੋਰਸ ਖਾਸ ਤੌਰ ’ਤੇ ਡਿਜਾਇਨ ਕੀਤੇ ਗਏ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਐਮ.ਐਸ ਵਰਡ, ਐਮ. ਐਸ ਐਕਸਲ, ਐਮ.ਐਸ ਪਾਵਰਪੁਆਇੰਟ, ਪ੍ਰੋਗਰੈਮਿੰਗ ਇੰਨ ਜਾਵਾ, ਪ੍ਰੋਗਰੈਮਿੰਗ ਇੰਨ ਸੀ ਪਲੱਸ ਪਲੱਸ, ਐਚ.ਟੀ.ਐਮ.ਐਲ, ਪ੍ਰਿਟਿੰਗ, ਸਕੈਨਿੰਗ, ਈ-ਮੇਲਿੰਗ ਆਦਿ ਤੋਂ ਇਲਾਵਾ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਵੀ ਸਿਖਾਈ ਜਾਵੇਗੀ। ਇੱਥੇ ਵਿਦਿਆਰਥੀਆਂ ਲਈ ਲਿਖਤੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਕਲਾਸਾਂ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਕੋਰਸ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਈ.ਐਸ.ਓ ਤੋਂ ਪ੍ਰਮਾਣਿਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ, ਤਾਂ ਜੋ ਉਹ ਕਿਸੇ ਵੀ ਸਰਕਾਰੀ ਨੋਕਰੀ ਦੀ ਮੁੱਢਲੀ ਲੋੜ(120 ਘੰਟੇ ਦੀ ਪੜ੍ਹਾਈ) ਨੂੰ ਪੂਰਾ ਕਰਕੇ ਆਪਣੇ ਪੈਰ੍ਹਾਂ ’ਤੇ ਖੜ੍ਹੇ ਹੋ ਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਚੰਗੇ ਢੰਗੇ ਨਾਲ ਕਰ ਸਕਣ।
ਇਨ੍ਹਾਂ ਕੋਰਸਾਂ ਵਿਚ ਦਾਖਲੇ ਸੰਬੰਧੀ ਜਾਣਕਾਰੀ ਦਫਤਰ ਵਿੱਚੋਂ ਕਿਸੇ ਵੀ ਕੰਮ ਕਾਜ ਵਾਲੇ ਦਿਨ ਲਈ ਜਾ ਸਕਦੀ ਹੈ । ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 94786-18790, 98157-05178, 01882-246812 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।