ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਵਿੱਚ ਤਰਲ ਅਤੇ ਠੋਸ ਕਚਰਾ ਪ੍ਰਬੰਧਨ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਦੌਰਾ

0

ਫਾਜ਼ਿਲਕਾ, 9 ਜਨਵਰੀ 2025: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ  ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਿੰਡਾਂ ਵਿੱਚ ਠੋਸ ਅਤੇ ਤਰਲ ਕਚਰੇ ਦੇ ਪ੍ਰਬੰਧਨ ਲਈ  ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ।

ਇਸ ਮੌਕੇ ਉਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ 57 ਪਿੰਡਾਂ ਵਿੱਚ ਤਰਲ ਕਚਰੇ ਦੇ ਪ੍ਰਬੰਧਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 6 ਕਰੋੜ 49 ਲੱਖ ਰੁਪਏ ਪੰਚਾਇਤੀ ਰਾਜ ਵਿਭਾਗ ਨੂੰ ਦਿਤੇ ਗਏ ਹਨ ਤਾਂ ਜੋ ਇੱਥੇ ਥਾਪਰ ਮਾਡਲ ਨਾਲ ਗੰਦੇ ਪਾਣੀ ਦੇ ਨਿਕਾਸ ਦੇ ਪ੍ਰੋਜੈਕਟ ਬਣਾਏ ਜਾ ਸਕਣ । ਇਸ ਲਈ ਲੋੜੀਂਦੇ ਹੋਰ ਫੰਡ 15ਵੇਂ ਵਿੱਤ ਕਮਿਸ਼ਨ ਅਤੇ ਮਨਰੇਗਾ ਵਿੱਚੋਂ ਲਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਇਹ ਪ੍ਰੋਜੈਕਟ ਤੇਜ਼ੀ ਨਾਲ ਮੁਕੰਮਲ ਕੀਤੇ ਜਾਣ ਅਤੇ ਅਧਿਕਾਰੀ ਖੁਦ ਪਿੰਡਾਂ ਦੇ ਦੌਰੇ ਕਰਕੇ ਪ੍ਰੋਜੈਕਟਾਂ ਦੀ ਸਮੀਖਿਆ ਲਗਾਤਾਰ ਕਰਦੇ ਰਹਿਣ ਤਾਂ ਜੋ ਪ੍ਰੋਜੈਕਟਾਂ ਨੂੰ ਸਮਾਂ ਵੱਧ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ । ਉਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦ੍ਰਿੜ ਸੰਕਲਪਿਤ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮਿਲਣ ਇਸ ਲਈ ਉਹਨਾਂ ਨੇ ਕਿਹਾ ਕਿ ਸਾਰੇ ਵਿਭਾਗ ਆਪਸ ਵਿੱਚ ਤਾਲਮੇਲ ਕਰਦੇ ਹੋਏ ਇਹਨਾਂ ਪ੍ਰੋਜੈਕਟਾਂ ਨੂੰ ਤੇਜੀ ਨਾਲ ਮੁਕੰਮਲ ਕਰਨ। ਇਸ ਤੋਂ ਬਿਨਾਂ ਪਿੰਡਾਂ ਵਿੱਚ ਠੋਸ ਕਚਰੇ ਦੇ ਪ੍ਰਬੰਧਨ ਲਈ ਕੰਪੋਸਟ ਪਿੱਟਾਂ ਵੀ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਇੱਥੇ ਇਕੱਠੇ ਹੋਣ ਵਾਲੇ ਗਿੱਲੇ ਕਚਰੇ ਨੂੰ ਖਾਦ ਵਿੱਚ ਤਬਦੀਲ ਕੀਤਾ ਜਾ ਸਕੇ ਅਤੇ ਪਿੰਡਾਂ ਨੂੰ ਸਵੱਛ ਕੀਤਾ ਜਾ ਸਕੇ ।

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਲੇਮ ਸ਼ਾਹ, ਆਹਲ ਬੋਦਲਾ, ਸੁਖੇਰਾ, ਬਲਾਕੀ ਵਾਲਾ, ਜਫ਼ਰਾ ਡਿੱਬੀ ਪੂਰਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਉਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਧਰਮਿੰਦਰ ਸਿੰਘ, ਤਹਿਸੀਲਦਾਰ ਫਾਜ਼ਿਲਕਾ ਨਵਜੀਵਨ ਛਾਬੜਾ,  ਤਹਿਸੀਲਦਾਰ  ਅਵਤਾਰ ਸਿੰਘ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਿਰਮਲ ਸਿੰਘ, ਗੁਰਜਿੰਦਰ ਸਿੰਘ ਹਾਜ਼ਰ ਸਨ।

About The Author

Leave a Reply

Your email address will not be published. Required fields are marked *