ਫਾਜ਼ਿਲਕਾ ਦੇ ਵਿਧਾਇਕ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਈਸੀ ਆਈਸੀਆਈ ਫਾਊਂਡੇਸ਼ਨ ਦੇ ਸਹਿਯੋਗ ਨਾਲ ਵੰਡੇ ਗਏ ਖੇਤੀਬਾੜੀ ਸੰਦ
– ਕਿਹਾ, ਕਿਸਾਨ ਆਧੁਨਿਕ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਜਮੀਨ ਵਿੱਚ ਹੀ ਵਾਹੁਣ
ਫਾਜ਼ਿਲਕਾ, 9 ਜਨਵਰੀ 2025: ਆਈ ਸੀ ਆਈਸੀਆਈ ਫਾਊਂਡੇਸ਼ਨ ਦੇ ਸਹਿਯੋਗ ਨਾਲ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਫਾਜ਼ਿਲਕਾ ਹਲਕੇ ਦੇ ਪਿੰਡ ਮੁਹਾਰ ਖੀਵਾ, ਮੁਹਾਰ ਸੋਨਾ ਭਵਾਨੀ, ਮੌਜਮ, ਝੁੱਗੇ ਗੁਲਾਬ ਅਤੇ ਠਗਣੀ ਦੀਆਂ ਪੰਚਾਇਤਾਂ ਨੂੰ ਖੇਤੀਬਾੜੀ ਦੇ ਸੰਦ ਮੁਹਈਆ ਕਰਵਾਏ ਗਏ।
ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਦੇ ਇਹਨਾਂ ਸੰਦਾਂ ਦੀ ਮਦਦ ਨਾਲ ਕਿਸਾਨ ਆਪਣੀਆਂ ਫਸਲਾਂ ਦੀ ਰਹਿਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਹੀ ਖੇਤਾਂ ਵਿੱਚ ਵਹਾ ਕੇ ਅਗਲੀ ਫਸਲ ਦੀ ਬਿਜਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਸੰਦਾਂ ਦੀ ਮਦਦ ਨਾਲ ਜਿੱਥੇ ਅਗਲੀ ਫਸਲ ਦੀ ਬਿਜਾਈ ਤੇ ਉਹਨਾਂ ਦਾ ਖਰਚਾ ਘਟੇਗਾ ਉਥੇ ਹੀ ਅਗਲੀ ਫਸਲ ਦਾ ਝਾੜ ਵੀ ਵਧੇਗਾ ਤੇ ਪ੍ਰਦੂਸ਼ਣ ਵੀ ਪੈਦਾ ਨਹੀਂ ਹੋਵੇਗਾ।
ਉਨਾਂ ਆਈਸੀ ਆਈਸੀਆਈ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਇਨਾਂ ਆਧੁਨਿਕ ਖੇਤੀਬਾੜੀ ਦੇ ਸੰਦਾਂ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੀ ਰਹਿੰਦ ਖੂਹਦ ਨੂੰ ਜਮੀਨ ਵਿੱਚ ਵਹਾਉਣ ਵਿੱਚ ਮਦਦ ਮਿਲੇਗੀ! ਉਹਨਾਂ ਕਿਹਾ ਕਿ ਹੋਰਨਾ ਫਾਊਂਡੇਸ਼ਨਾਂ ਨੂੰ ਵੀ ਇਸ ਫਾਊਂਡੇਸ਼ਨ ਤੋਂ ਸੇਧ ਲੈ ਕੇ ਇਹੋ ਜਿਹੇ ਵਾਤਾਵਰਨ ਸੁਧਾਰ ਦੇ ਕੰਮਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ। ਆਈਸੀ ਆਈਸੀਆਈ ਫਾਊਂਡੇਸ਼ਨ ਤੋਂ ਡਿਵੈਲਪਮੈਂਟ ਅਫਸਰ ਚਮਕੌਰ ਸਿੰਘ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਤੇ ਪਿੰਡ ਵਾਸੀ ਹਾਜ਼ਰ ਸਨ।