ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਮੁਹਿੰਮ ਦੇ ਮੱਦੇਨਜ਼ਰ ਚੈਕਿੰਗ ਜੋਰਾਂ ‘ਤੇ
– ਚੈਕਿੰਗ ਦੌਰਾਨ ਆਵਾਜਾਈ ਨੇਮਾਂ ਦੀ ਉਲੰਘਣਾ ਦੇ 13 ਚਲਾਨ ਕੀਤੇ- ਨਮਨ ਮਾਰਕੰਨ
ਪਟਿਆਲਾ, 8 ਜਨਵਰੀ 2025: ਟਰਾਂਸਪੋਰਟ ਵਿਭਾਗ ਵੱਲੋਂ ਚੱਲ ਰਹੀ ਸੜਕ ਸੁਰੱਖਿਆ ਮੁਹਿੰਮ ਦੇ ਮੱਦੇਨਜ਼ਰ ਆਵਾਜਾਈ ਨੇਮਾਂ ਦੀ ਪਾਲਣਾ ਕਰਵਾਉਣ ਲਈ ਚੈਕਿੰਗ ਜੋਰਾਂ ‘ਤੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੇ ਦੱਸਿਆ ਕਿ ਚੈਕਿੰਗ ਦੌਰਾਨ ਅੱਜ ਆਵਾਜਾਈ ਨੇਮਾਂ ਦੀ ਉਲੰਘਣਾਂ ਦੇ 12 ਚਲਾਨ ਕੀਤੇ ਗਏ ਹਨ।
ਨਮਨ ਮਾਰਕੰਨ ਨੇ ਦੱਸਿਆ ਕਿ ਬੀਤੇ ਦਿਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਹਦਾਇਤ ਕੀਤੀ ਸੀ ਕਿ ਸੜਕ ਸੁਰੱਖਿਆ ਬਾਬਤ ਨਿਯਮਾਂ ਦੀ ਪਾਲਣਾ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਉਲੰਘਣਾ ਦੀ ਚੈਕਿੰਗ ਕਰਕੇ ਚਲਾਨ ਕੀਤੇ ਜਾਣ।
ਆਰ.ਟੀ.ਓ. ਨੇ ਦੱਸਿਆ ਕਿ ਅੱਜ ਟਰਾਂਸਪੋਰਟ ਵਿਭਾਗ ਦੇ ਸਹਾਇਕ ਟਰਾਂਸਪੋਰਟ ਅਫ਼ਸਰ ਪਟਿਆਲਾ ਪਰਦੀਪ ਸਿੰਘ ਨੇ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕਰਕੇ 13 ਚਲਾਨ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਵਾਉਣ ਲਈ ਸਾਹਮਣੇ ਆਈ ਉਲੰਘਣਾ ਕਰਕੇ ਇੱਕ ਸਕੂਲ ਬੱਸ ਦਾ ਚਲਾਨ ਕੀਤਾ ਗਿਆ। ਇਸ ਤੋਂ ਬਿਨ੍ਹਾਂ ਓਵਰਲੋਡ ਵਾਹਨਾਂ ਦੇ 7, ਨਿਰਧਾਰਤ ਉਚਾਈ ਤੋਂ ਉਚਾ ਮਾਲ ਭਰਨ ਕਰਕੇ 2 ਚਲਾਨ, ਟ੍ਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ ਦਾ 1, ਟੂਰਿਸਟ ਬੱਸ ਦੇ ਪਰਮਿਟ ਦੀ ਗ਼ਲਤ ਵਰਤੋਂ ਦਾ 1 ਅਤੇ ਬਿਨ੍ਹਾਂ ਦਸਤਾਵੇਜ 1 ਚਲਾਨ ਕੀਤਾ ਗਿਆ ਹੈ।
ਏ.ਟੀ.ਓ. ਪਰਦੀਪ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਨੇਮਾਂ ਦੀ ਪਾਲਣਾਂ ਨਾ ਕਰਨ ‘ਤੇ ਵੱਡੇ ਹਾਦਸੇ ਵਾਪਰਦੇ ਹਨ ਤੇ ਕਿਸੇ ਦੀ ਕੀਮਤੀ ਜਾਨ ਅਜਾਂਈ ਚਲੀ ਜਾਂਦੀ ਹੈ।