ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਘੁਮਾਰ ਮੰਡੀ ‘ਚ ਸਨਮਾਨ ਸਮਾਰੋਹ ਆਯੋਜਿਤ
ਲੁਧਿਆਣਾ, 03 ਜਨਵਰੀ 2025: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਘੁਮਾਰ ਮੰਡੀ, ਲੁਧਿਆਣਾ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਵਿਗਿਆਨਕ ਚੇਤਨਾ ਪਰਖ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਿਖਿਆਰਥੀਆਂ ਦੀ ਹੌਸਲਾ ਅਫਜਾਈ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਸਮਾਰੋਹ ਦੀ ਸ਼ੁਰੂਆਤ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨਾਂ ਦੇ ਸਵਾਗਤ ਨਾਲ ਹੋਈ। ਭੀਮ ਚੰਦ, ਸੀਨੀਅਰ ਸਹਾਇਕ ਨੇ ਸਭਾ ਵਿੱਚ ਸ਼ਾਮਲ ਮਹਿਮਾਨਾਂ ਨੂੰ ਆਮੰਤ੍ਰਿਤ ਕੀਤਾ। ਇਸ ਮੌਕੇ ਤੇ ਸਿਖਿਆਰਥਣ ਬੇਅੰਤ ਕੌਰ ਨੇ ਪ੍ਰੀਖਿਆ ਦੇ ਸਲੇਬਸ ਅਤੇ ਕਿਤਾਬ ਬਾਰੇ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ। ਉਸਨੇ ਦੱਸਿਆ ਕਿ ਕਿਤਾਬ ਤੋਂ ਉਨ੍ਹਾਂ ਨੂੰ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ ਜੋ ਜਿੰਦਗੀ ਨੂੰ ਬਿਹਤਰ ਢੰਗ ਨਾਲ ਜਿਉਣ ਲਈ ਰਾਹ ਦਿਖਾਉਂਦੀ ਹੈ।
ਦਲਬੀਰ ਕਟਾਣੀ ਨੇ ਵਿਗਿਆਨਕ ਸੋਚ ਅਤੇ ਅਧਿਆਤਮਕ ਸੋਚ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਸੂਬਾ ਜਥੇਬੰਦਕ ਮੁੱਖੀ ਰਜਿੰਦਰ ਭਦੌੜ ਨੇ ਤਰਕਸ਼ੀਲ ਸੁਸਾਇਟੀ ਦੇ ਉਦੇਸ਼ਾਂ, ਚੁਣੌਤੀਆਂ ਅਤੇ ਪ੍ਰੀਖਿਆ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਸਮਾਰੋਹ ਵਿੱਚ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲੀਆਂ ਸਿਖਿਆਰਥਣਾਂ ਦਿਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਬਬਲੀ, ਕਰਮਵੀਰ ਕੌਰ, ਅਰਸ਼ਵੀਰ ਕੌਰ, ਅਤੇ ਬੇਅੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਆਰਟਸ ਕਾਲਜ ਦੀਆਂ ਵਿਦਿਆਰਥਣਾਂ ਅਤੇ ਸੰਸਥਾ ਦੇ ਸਮੂਹ ਸਟਾਫ ਨੂੰ ਵੀ ਉਨ੍ਹਾਂ ਦੀਆਂ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੇ ਅੰਤ ’ਤੇ ਪ੍ਰਿੰਸੀਪਲ ਅਰਵਿੰਦਰ ਪਾਲ ਸਿੰਘ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਧੰਨਵਾਦ ਕਰਦਿਆਂ ਸਮਾਰੋਹ ਨੂੰ ਯਾਦਗਾਰ ਅਤੇ ਵਿਲੱਖਣ ਘਟਨਾ ਦੱਸਿਆ। ਇਸ ਪ੍ਰਕਾਰ ਸਮਾਰੋਹ ਸਫਲਤਾ ਪੂਰਵਕ ਸਮਾਪਤ ਹੋਇਆ।