ਡੀਆਈਜੀ ਪਟਿਆਲਾ ਮਨਦੀਪ ਸਿੱਧੂ ਨੇ ਫਿੱਟ ਇੰਡੀਆ ਸਾਈਕਲਿੰਗ ਮੰਗਲਵਾਰ: ਸਾਈਕਲਿੰਗ ਰੈਲੀ ਨੂੰ ਝੰਡੀ ਦਿਖਾਈ
-ਖੇਡ ਸਿਤਾਰੇ ਸ਼ਕਤੀ ਸਿੰਘ, ਤਜਿੰਦਰ ਪਾਲ ਸਿੰਘ ਤੂਰ, ਰਾਣੀ ਰਾਮਪਾਲ ਅਤੇ ਅਨੂ ਰਾਣੀ ਨੇ ਐਨਆਈਐਸ ਪਟਿਆਲਾ ਵਿਖੇ ਸਾਇਕਲ ਚਲਾ ਕੇ ਸਿਹਤਮੰਦ ਰਹਿਣ ਦਾ ਦਿੱਤਾ ਸੰਦੇਸ਼
ਪਟਿਆਲਾ, 17 ਦਸੰਬਰ 2024: ਐਨਆਈਐਸ ਪਟਿਆਲਾ ਵਿਖੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਖੇਤਰੀ ਕੇਂਦਰ ਨੇ ਅੱਜ ‘ਫਿੱਟ ਇੰਡੀਆ ਸਾਈਕਲਿੰਗ ਮੰਗਲਵਾਰ’ ਪਹਿਲਕਦਮੀ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਸਮਾਗਮ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ, ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਐਨਆਈਐਸ ਦੀ ਪ੍ਰਸ਼ੰਸਾ ਕੀਤੀ ਅਤੇ ਤੰਦਰੁਸਤੀ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ, ਸਿਰਫ ਮੰਗਲਵਾਰ ਨੂੰ ਨਹੀਂ, ਬਲਕਿ ਨਿਯਮਤ ਤੌਰ ‘ਤੇ ਅਜਿਹੀਆਂ ਗਤੀਵਿਧੀਆਂ ਕੀਤੇ ਜਾਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਐਨ.ਆਈ.ਐਸ. ਪਟਿਆਲਾ ਦੇ ਕਾਰਜਕਾਰੀ ਨਿਰਦੇਸ਼ਕ ਵਿਨੀਤ ਕੁਮਾਰ ਨੇ ਆਏ ਹੋਏ ਪਤਵੰਤਿਆਂ ਅਤੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਡਾ: ਮਨਸੁਖ ਮੰਡਾਵੀਆ ਨੇ ਪਹਿਲਾਂ ਨਵੀਂ ਦਿੱਲੀ ਵਿੱਚ ਅਧਿਕਾਰਤ ਤੌਰ ‘ਤੇ ‘ਫਿੱਟ ਇੰਡੀਆ ਸਾਈਕਲਿੰਗ ਮੰਗਲਵਾਰ’ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਸੀ।
ਐਨਆਈਐਸ ਪਟਿਆਲਾ ਵਿਖੇ ਹੋਏ ਇਸ ਸਮਾਗਮ ਵਿੱਚ ਸਾਬਕਾ ਓਲੰਪੀਅਨ ਸ਼ਕਤੀ ਸਿੰਘ, ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ ਓਲੰਪੀਅਨ ਤੇਜਿੰਦਰ ਪਾਲ ਸਿੰਘ ਤੂਰ, ਓਲੰਪੀਅਨ ਰਾਣੀ ਰਾਮਪਾਲ, ਅਤੇ ਓਲੰਪੀਅਨ ਅਨੂ ਰਾਣੀ ਸਮੇਤ ਹੋਰ ਐਥਲੀਟਾਂ ਦੀ ਉਤਸ਼ਾਹੀ ਸ਼ਮੂਲੀਅਤ ਦੇਖਣ ਨੂੰ ਮਿਲੀ ਤੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਕਸਰਤਾਂ ਕਰਨ ਲਈ ਪ੍ਰੇਰਿਤ ਕੀਤਾ।ਐਨਆਈਐਸ ਕੈਂਪਸ ਤੋਂ ਫੁਹਾਰਾ ਚੌਂਕ ਤੱਕ ਲੋਅਰ ਮਾਲ ਰੋਡ ਅਤੇ ਪਿੱਛੇ ਤੱਕ 10 ਕਿਲੋਮੀਟਰ ਦੀ ਸਾਈਕਲ ਸਵਾਰੀ ਦੀ ਅਗਵਾਈ ਕਰਦੇ ਹੋਏ, ਉਹਨਾਂ ਨਾਲ ਪੰਜਾਬ ਦੀ ਨੈਸ਼ਨਲ ਐਥਲੈਟਿਕ ਟੀਮ ਦੇ ਐਥਲੀਟਾਂ, ਐਨਸੀਓਈ ਐਥਲੀਟਾਂ, ਸਥਾਨਕ ਫਿਟਨੈਸ ਉਤਸ਼ਾਹੀ ਅਤੇ ਨਾਗਰਿਕ ਸ਼ਾਮਲ ਹੋਏ। ਇਸ ਸਾਇਕਲਿੰਗ ਰੈਲੀ ਨੇ ਆਵਾਜਾਈ ਦੇ ਇੱਕ ਟਿਕਾਊ ਢੰਗ ਅਤੇ ਕਸਰਤ ਦੇ ਇੱਕ ਪ੍ਰਭਾਵੀ ਰੂਪ ਵਜੋਂ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਖੇਤਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।