– ਸਪੈਸ਼ਲ ਓਲੰਪਿਕ ਭਾਰਤ – ਪੰਜਾਬ ਵੱਲੋਂ ਯਾਦਗਾਰੀ ਸਮਾਗਮ ਦੀ ਸਫਲ ਮੇਜ਼ਬਾਨੀ
ਲੁਧਿਆਣਾ, 13 ਦਸੰਬਰ 2024: ਸਪੈਸ਼ਲ ਓਲੰਪਿਕ ਪੰਜਾਬ ਨੇ ਖੇਡਾਂ ਦੀ ਸ਼ਕਤੀ ਅਤੇ ਸ਼ਮੂਲੀਅਤ ਦਾ ਜਸ਼ਨ ਮਨਾਉਣ ਲਈ ਅਥਲੀਟਾਂ, ਕੋਚਾਂ ਅਤੇ ਪਤਵੰਤਿਆਂ ਨੂੰ ਇੱਕਠਾ ਕਰਕੇ ਰੋਮਾਂਚਕ ਪ੍ਰੋਗਰਾਮ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ।
25ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਅਤੇ ਪਹਿਲੀਆਂ ਨਾਰਥ ਜ਼ੋਨ ਸਪੈਸ਼ਲ ਓਲੰਪਿਕ ਖੇਡਾਂ ਦੀ ਸਿਲਵਰ ਜੁਬਲੀ ਮਨਾਈ ਜਾ ਰਹੀ। ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਵਿਖੇ ਚੱਲ ਰਹੀਆਂ ਇਨ੍ਹਾਂ 3 ਦਿਨਾਂ ਖੇਡਾਂ ਵਿੱਚ 60 ਸਕੂਲ, 800 ਐਥਲੀਟ ਅਤੇ ਕੋਚ ਭਾਗ ਲੈ ਰਹੇ ਹਨ। ਸਮਾਗਮ ਦੀ ਪ੍ਰਬੰਧਕੀ ਕਮੇਟੀ ਵੱਲੋਂ ਈਵੈਂਟ ਲਈ ਗੁਰੂ ਨਾਨਕ ਪਬਲਿਕ ਸਕੂਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ ਸ਼ਿਰਕਤ ਕੀਤੀ ਗਈ। ਏਕਤਾ, ਸਵੀਕ੍ਰਿਤੀ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਅਥਲੀਟਾਂ ਅਤੇ ਕੋਚਾਂ ਦੀ ਸ਼ਮੂਲੀਅਤ ਨਾਲ, ਇਵੈਂਟ ਸ਼ਾਨਦਾਰ ਚੱਲ ਰਿਹਾ। ਸਪੈਸ਼ਲ ਓਲੰਪਿਕ ਅਥਲੀਟ ਸਹੁੰ, ”ਮੈਨੂੰ ਜਿੱਤਣ ਦਿਓ’। ਪਰ ਜੇ ਮੈਂ ਨਹੀਂ ਜਿੱਤ ਸਕਦਾ, ਤਾਂ ਮੈਨੂੰ ਕੋਸ਼ਿਸ਼ ਲਈ ਬਹਾਦਰ ਬਣਨ ਦਿਓ” ਅਥਲੀਟਾਂ ਦੁਆਰਾ ਮਾਣ ਨਾਲ ਸੁਣਾਈ ਗਈ, ਜੋ ਸਾਡੇ ਅੰਦੋਲਨ ਨੂੰ ਪਰਿਭਾਸ਼ਿਤ ਕਰਨ ਵਾਲੀ ਹਿੰਮਤ, ਲਗਨ ਅਤੇ ਦ੍ਰਿੜਤਾ ਦੀ ਭਾਵਨਾ ਨੂੰ ਮੂਰਤੀਮਾਨ ਕਰਦੀ ਹੈ।
ਪ੍ਰਬੰਧਕੀ ਕਮੇਟੀ ਵੱਲੋਂ ਸਾਰੇ ਭਾਗੀਦਾਰਾਂ, ਵਲੰਟੀਅਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਸਮਾਗਮ ਨੂੰ ਯਾਦਗਾਰੀ ਸਫ਼ਲਤਾ ਪ੍ਰਦਾਨ ਕੀਤੀ। ਉਨ੍ਹਾਂ ਇਵੈਂਟ ਸਪਾਂਸਰਾਂ ਅਤੇ ਦਾਨੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਅੱਜ ਦੇ ਸਮਾਗਮਾਂ ਦੌਰਾਨ 100 ਮੀਟਰ ਡੈਸ਼ ਪੁਰਸ਼ ਵਿੱਚ ਪਹਿਲਾ ਸਥਾਨ ਸਰਬਜੀਤ ਸਿੰਘ (ਹੋਲਿਸਟਿਕ ਗਰੋਥ, ਮੋਹਾਲੀ) ਨੇ ਹਾਸਲ ਕੀਤਾ ਜਦਕਿ ਕਰਨਪ੍ਰੀਤ ਸਿੰਘ (ਐਸ.ਐਸ.ਏ. ਸ੍ਰੀ ਫਤਹਿਗੜ੍ਹ ਸਾਹਿਬ) ਅਤੇ ਤੀਸਰੇ ਸਥਾਨ ‘ਤੇ ਅਭਿਸ਼ੇਕ (ਐਸ.ਓ.ਬੀ., ਚੰਡੀਗੜ੍ਹ) ਰਿਹਾ।
50 ਮੀਟਰ ਡੈਸ਼ (ਪੁਰਸ਼) ਵਿੱਚ ਪਹਿਲਾ ਸਥਾਨ ਵਿਵੇਕ ਸ਼ਰਮਾ (ਆਤਮਾ ਸੁਖ, ਹੁਸ਼ਿਆਰਪੁਰ) ਦੂਜਾ ਸਾਬੀ (ਬੀ.ਪੀ.ਐਸ., ਅੰਮ੍ਰਿਤਸਰ) ਅਤੇ ਤੀਸਰੇ ਸਥਾਨ ‘ਤੇ ਯੂਰੋ (ਚਾਨਨ ਵੋਕੇਸ਼ਨਲ, ਜਲੰਧਰ) ਰਿਹਾ। ਸਮਾਗਮ ਦੀ ਪ੍ਰਬੰਧਕੀ ਕਮੇਟੀ ਵਿੱਚ ਸ੍ਰੀ ਅਸ਼ੋਕ ਅਰੋੜਾ, ਸ੍ਰੀ ਅਨਿਲ ਗੋਇਲ, ਸ੍ਰੀ ਪਰਮਜੀਤ ਸਚਦੇਵਾ, ਸ੍ਰੀ ਸੁਰੇਸ਼ ਠਾਕੁਰ, ਸ. ਮਨਦੀਪ ਬਰਾੜ, ਸ੍ਰੀ ਸੂਰਤ ਸਿੰਘ ਦੁੱਗਲ, ਸ੍ਰੀ ਉਮਾਸ਼ੰਕਰ, ਸ੍ਰੀ ਨਿਰੰਜਨ ਕੁਮਾਰ, ਸ੍ਰੀ ਨਿਸ਼ਾਂਤ ਮੰਡੋਰਾ ਅਤੇ ਸ਼੍ਰੀਮਤੀ ਜੋਆਨ ਠੱਕਰਵਾਲ ਸ਼ਾਮਲ ਸਨ।