ਸਿਹਤ ਕੇਂਦਰਾਂ ਦੇ ਸੰਚਾਲਨ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਪੰਜਾਬ ਇਸ ਸਮੇਂ ਦੇਸ ਦਾ ਮੋਹਰੀ ਸੂਬਾ : ਚੇਅਰਮੈਨ ਅਸ਼ਵਨੀ ਸੇਖੜੀ
ਬਟਾਲਾ, 27 ਅਗਸਤ 2021 : ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਵਿੱਚ ਪੰਜਾਬ ਇਸ ਸਮੇਂ ਦੇਸ ਦਾ ਮੋਹਰੀ ਸੂਬਾ ਹੈ ਅਤੇ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੁੱਲ 2700 ਸਿਹਤ ਅਤੇ ਤੰਦਰੁਸਤੀ ਕੇਂਦਰ (ਐਚਡਬਲਯੂਸੀ) ਕਾਰਜਸੀਲ ਹਨ। ਸਿਹਤ ਵਿਭਾਗ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਨਜ਼ਦੀਕ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਿਹਤ ਸੁਧਾਰਾਂ ਦੇ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਗਈਆਂ ਹਨ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਕਮਿਊਨਿਟੀ ਹੈਲਥ ਅਫ਼ਸਰ ਪੇਂਡੂ ਖੇਤਰਾਂ ਵਿੱਚ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਦੌਰਾਨ, ਸੀਐਚਓਜ ਅਤੇ ਐਚਡਬਲਯੂਸੀ ਟੀਮ ਓਪੀਡੀ ਸੇਵਾਵਾਂ ਅਤੇ ਕੋਵਿਡ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੇਂਡੂ ਆਬਾਦੀ ਲਈ ਬਹੁਤ ਲਾਭਕਾਰੀ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਸੀ.ਐਚ.ਓ. ਵੱਲੋਂ ਕੋਵਿਡ ਨਮੂਨੇ ਲੈਣ, ਕੰਨਟੈਕਟ ਟਰੇਸਿੰਗ, ਇਕਾਂਤਾਵਾਸ ਮਰੀਜਾਂ ਦੇ ਘਰ ਦਾ ਦੌਰਾ ਕਰਨਾ ਆਦਿ ਸ਼ਾਮਿਲ ਹਨ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਵੀ ਕੋਵਿਡ ਟੀਕਾਕਰਣ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸ੍ਰੀ ਸੇਖੜੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਨਵੇਂ 117 ਕਮਿਊਨਿਟੀ ਹੈਲਥ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਨਾਲ ਸਿਹਤ ਅਤੇ ਤੰਦਰੁਸਤੀ ਕੇਂਦਰ ਪ੍ਰਭਾਵਸਾਲੀ ਢੰਗ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾ ਸਕਣਗੇ। ਉਨਾਂ ਕਿਹਾ ਕਿ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਰਸਿਟੀ (ਇਗਨੂ) ਵੱਲੋਂ 6 ਮਹੀਨਿਆਂ ਦੇ ਵਿਸੇਸ ਸਿਖਲਾਈ ਪ੍ਰੋਗਰਾਮ ਲਈ 300 ਹੋਰ ਉਮੀਦਵਾਰਾਂ ਦੀ ਚੋਣ ਵੀ ਕੀਤੀ ਗਈ ਹੈ ਅਤੇ ਜਨਵਰੀ 2022 ਤੱਕ ਕਮਿਊਨਿਟੀ ਹੈਲਥ ਅਫ਼ਸਰਾਂ ਵਜੋਂ ਭਰਤੀ ਕਰ ਲਏ ਜਾਣਗੇ। ਇਨਾਂ ਕੇਂਦਰਾਂ ਵਿੱਚ ਵਿਸਤਿ੍ਰਤ ਸੇਵਾਵਾਂ ਦੇਣ ਲਈ ਟੈਲੀਮੇਡਿਸਿਨ ਸੇਵਾਵਾਂ, 27 ਜਰੂਰੀ ਦਵਾਈਆਂ ਅਤੇ 6 ਡਾਇਗਨੋਸਟਿਕਸ ਟੈਸਟ ਮੁਹੱਈਆ ਕਰਵਾਏ ਜਾ ਰਹੇ ਹਨ।
ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਸਹਿਰੀ ਖੇਤਰਾਂ ਵਿੱਚ ਕਮਜੋਰ ਅਤੇ ਗਰੀਬ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਅਤੇ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਝੁੱਗੀ -ਝੌਂਪੜੀ ਖੇਤਰਾਂ ਵਿੱਚ ਸ਼ਹਿਰੀ ਸਿਹਤ ਅਤੇ ਤੰਦਰੁਸਤ ਪੰਜਾਬ ਸਿਹਤ ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ। ਇਹ ਕੇਂਦਰ ਸਿਹਤ ਸੇਵਾਵਾਂ ਨੂੰ ਵਧਾ ਕੇ ਲੋਕਾਂ ਦੀ ਸਿਹਤ ਸੰਭਾਲ ਵਿਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਣਗੇ। ਇਹਨਾਂ ਹੈਲਥ ਵੈਲਨੈਸ ਸੈਂਟਰਾਂ ਵਿਚ ਹਾਈਪਰਟੈਨਸਨ, ਸ਼ੂਗਰ, ਦਮਾ ਆਦਿ ਦੀ ਜਾਂਚ ਕਰਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਦਾ ਖਾਸ ਪ੍ਰਬੰਧ ਹੈ।