ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ‘ਚ ਸੜਕਾਂ ਦੀ ਸਫ਼ਾਈ ਲਈ 98.56 ਲੱਖ ਰੁਪਏ ਦੀ ਲਾਗਤ ਨਾਲ ਚਲਾਈਆਂ ਦੋ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ
– ਤਿੰਨ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਨਾਲ ਹੋਰ ਵੀ ਬਿਹਤਰ ਢੰਗ ਨਾਲ ਹੋਵੇਗੀ ਪਟਿਆਲਾ ਸ਼ਹਿਰ ‘ਚ ਸਫ਼ਾਈ -ਅਜੀਤਪਾਲ ਸਿੰਘ ਕੋਹਲੀ
– ਕਿਹਾ, ਪਟਿਆਲਾ ‘ਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ, ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ
ਪਟਿਆਲਾ, 6 ਦਸੰਬਰ 2024: ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਨਗਰ ਨਿਗਮ ਵਿਖੇ ਸ਼ਹਿਰ ਦੀਆਂ ਸੜਕਾਂ ਦੀ ਬਿਹਤਰ ਢੰਗ ਨਾਲ ਸਫ਼ਾਈ ਕਰਨ ਲਈ 98.56 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈਆਂ ਗਈਆਂ 2 ਹੋਰ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਵੀ ਮੌਜੂਦ ਸਨ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਵਿੱਚ ਸੜਕਾਂ ਦੇ ਕਿਨਾਰਿਆਂ ‘ਤੇ ਪਈ ਮਿੱਟੀ ਤੇ ਹੋਰ ਕਚਰੇ ਨੂੰ ਸਾਫ਼ ਕਰਨ ਲਈ ਨਗਰ ਨਿਗਮ ਕੋਲ ਪਹਿਲਾਂ ਹੀ ਇੱਕ ਮਸ਼ੀਨ ਕੰਮ ਕਰ ਰਹੀ ਹੈ ਪਰੰਤੂ ਇਹ ਇੱਕ ਮਸ਼ੀਨ ਨਾਕਾਫ਼ੀ ਹੋਣ ਕਰਕੇ ਦੋ ਹੋਰ ਮਸ਼ੀਨਾਂ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤਿੰਨ ਮਸ਼ੀਨਾਂ ਨਾਲ ਹੋਰ ਵੀ ਬਿਹਤਰ ਢੰਗ ਨਾਲ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਹੋ ਸਕੇਗੀ।
ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਉਚੇਚੇ ਫ਼ੰਡਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 24 ਘੰਟੇ 7 ਦਿਨ ਪਾਣੀ ਦੀ ਸਪਲਾਈ ਲਈ ਨਹਿਰੀ ਪਾਣੀ ਦੇ ਪ੍ਰਾਜੈਕਟ ਕਰਕੇ ਟੁੱਟੀਆਂ ਸੜਕਾਂ ਦੀ ਮੁਰੰਮਤ ਸ਼ਹਿਰ ਵਿੱਚ ਤੇਜੀ ਨਾਲ ਜਾਰੀ ਹੈ ਅਤੇ ਕੋਈ ਵੀ ਸੜਕ ਬਿਨ੍ਹਾਂ ਮੁਰੰਮਤ ਨਹੀਂ ਰਹੇਗੀ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਖ਼ੁਦ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੋਨੀਟਰ ਕਰ ਰਹੇ ਹਨ ਤਾਂ ਕਿ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਨਗਰ ਨਿਗਮ ਕਮਿਸ਼ਨਰ ਡਾ. ਰਜ਼ਤ ਓਬਰਾਏ ਨੇ ਦੱਸਿਆ ਕਿ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਨਾਲ ਸੜਕਾਂ ‘ਤੇ ਪਈ ਮਿੱਟੀ ਤੇ ਹੋਰ ਕੂੜੇ ਕਰਕਟ ਨੂੰ ਆਸਾਨੀ ਨਾਲ ਇਕੱਠਾ ਕਰਕੇ ਸੜਕਾਂ ਨੂੰ ਸਾਫ਼ ਸੁੱਥਰੀਆਂ ਬਣਾਇਆ ਜਾ ਸਕਦਾ ਹੈ, ਇਸ ਨਾਲ ਲੋਕਾਂ ਨੂੰ ਹੋਰ ਵੀ ਸਾਫ਼ ਸੁਥਰਾ ਆਲਾ ਦੁਆਲਾ ਮਿਲੇਗਾ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।