ਹਰਜੋਤ ਸਿੰਘ ਬੈਂਸ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਯੁੱਗ ‘ਚ ਦੁਬਾਰਾ ਕਿਤਾਬਾਂ ਤੇ ਆਪਣੇ ਵਿਰਸੇ ਨਾਲ ਜੁੜਨ ਦਾ ਸੱਦਾ

0
– ਭਾਸ਼ਾ ਵਿਭਾਗ ਨੂੰ ਵਿੱਤੀ ਤੌਰ ‘ਤੇ ਸਮਰੱਥ ਬਣਾਇਆ ਜਾਵੇਗਾ-ਬੈਂਸ
– ਕਿਹਾ, ਅਗਲੇ ਵਰ੍ਹੇ ਦੀਵਾਲੀ ਤੇ ਹੋਰ ਵੱਡੇ ਤਿਉਹਾਰਾਂ ਮੌਕੇ ਤੋਹਫ਼ਿਆਂ ਦੇ ਰੂਪ ‘ਚ ਪੁਸਤਕਾਂ ਦੇਣ ਲਈ ਭਾਸ਼ਾ ਵਿਭਾਗ ਚਲਾਏਗਾ ਮੁਹਿੰਮ
– ਭਾਸ਼ਾ ਵਿਭਾਗ ਵੱਲੋਂ ਕਰਵਾਏ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਗਮ ‘ਚ ਪੁੱਜੇ ਹਰਜੋਤ ਸਿੰਘ ਬੈਂਸ
– 15 ਸਾਹਿਤਕਾਰਾਂ ਨੂੰ ਪ੍ਰਦਾਨ ਕੀਤੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ
ਪਟਿਆਲਾ, 30 ਨਵੰਬਰ 2024: ਪੰਜਾਬ ਦੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਭਾਸ਼ਾ ਭਵਨ ਵਿਖੇ ਪੰਜਾਬ ਸਰਕਾਰ ਦੀ ਰਹਿਨੁਮਾਈ ‘ਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਰੋਹ ਦੌਰਾਨ ਕਿਹਾ ਕਿ ਭਾਸ਼ਾ ਵਿਭਾਗ ਨੂੰ ਵਿੱਤੀ ਤੌਰ ‘ਤੇ ਸਮਰੱਥ ਬਣਾਇਆ ਜਾਵੇਗਾ।
ਹਰਜੋਤ ਸਿੰਘ ਬੈਂਸ, ਜਿਨ੍ਹਾਂ ਕੋਲ, ਸਕੂਲ, ਉਚੇਰੀ ਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੀ ਹਨ, ਨੇ ਲੋਕਾਂ ਨੂੰ ਪੁਸਤਕਾਂ ਨੂੰ ਆਪਣੇ ਜੀਵਨ ਤੇ ਸਹਿਚਾਰ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ‘ਚ ਮੁੜ ਤੋਂ ਕਿਤਾਬਾਂ ਅਤੇ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਸ਼ਾ ਵਿਭਾਗ ਮਿਆਰੀ ਸਾਹਿਤ ਪਾਠਕਾਂ ਦੀ ਝੋਲੀ ਪਾਵੇ ਅਤੇ ਆਪਣੇ ਪੈਰਾਂ ‘ਤੇ ਖੜ੍ਹਾ ਹੋਵੇ।ਉਨ੍ਹਾਂ ਕਿਹਾ ਅਗਲੇ ਵਰ੍ਹੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਮੌਕੇ ਤੋਹਫਿਆਂ ਦੇ ਰੂਪ ‘ਚ ਪੁਸਤਕਾਂ ਦੇਣ ਲਈ ਭਾਸ਼ਾ ਵਿਭਾਗ ਇੱਕ ਮੁਹਿੰਮ ਚਲਾਏਗਾ।
ਉਨ੍ਹਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਨਾਲ ਜੁੜਕੇ ਲੋਕ ਇੱਥੇ ਪਏ ਦੁਨੀਆਂ ਦੇ ਸਭ ਤੋਂ ਬਿਹਤਰ ਤੇ ਅਮੀਰ ਸਾਹਿਤ ਤੇ ਕਿਤਾਬਾਂ ਨਾਲ ਦੋਸਤੀ ਕਰ ਸਕਦੇ ਹਨ। ਉਨ੍ਹਾਂ ਨੇ ਪੰਜਾਬੀ ਮਾਹ ਦੌਰਾਨ ਭਾਸ਼ਾ ਵਿਭਾਗ ਨੂੰ ਪੁਸਤਕਾਂ ਦੀ ਵਿਕਰੀ ਤੋਂ ਸੱਤ ਲੱਖ ਰੁਪਏ ਦੀ ਹੋਈ ਆਮਦਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸਾਡੇ ਲੋਕਾਂ ‘ਚ ਅੱਜ ਵੀ ਪੜਨ ਦੀ ਰੁਚੀ ਮੌਜੂਦ ਹੈ ਪਰ ਇਸ ਨੂੰ ਹੋਰ ਉਜਾਗਰ ਕਰਨ ਦੀ ਲੋੜ ਹੈ।ਸਮਾਗਮ ਮੌਕੇ ਹਿੰਦੀ (2023 ਤੇ 2024), ਸੰਸਕ੍ਰਿਤ (2023 ਤੇ 2024) ਤੇ ਉਰਦੂ (2024) ਦੇ ਸਰਵੋਤਮ ਸਾਹਿਤਕ ਪੁਸਤਕ ਪ੍ਰਦਾਨ ਕੀਤੇ ਗਏ ਤੇ ਭਾਸ਼ਾ ਵਿਭਾਗ ਦੀਆਂ ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ ਦਰਸ਼ਨ’ ਅਤੇ ‘ਤਾਰੀਖੇ ਪਟਿਆਲਾ’ ਲੋਕ ਅਰਪਣ ਕੀਤੀਆਂ ਗਈਆਂ।
ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜਸਵੰਤ ਸਿੰਘ ਜ਼ਫ਼ਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੱਜੋਂ ਅਹੁਦਾ ਸੰਭਾਲਣ ਨਾਲ ਵਿਭਾਗ ਵਿੱਚ ਨਵੀਂ ਊਰਜਾ ਪੈਦਾ ਹੋਈ ਹੈ।ਇੱਕ ਸਵਾਲ ਦੇ  ਜਵਾਬ ਵਿੱਚ ਉਨ੍ਹਾਂ ਕਿਹਾ ਕਿ ਐਨ.ਸੀ.ਸੀ ਦੀ ਵਿਦਿਆਰਥੀਆਂ ਨੂੰ ਸਹੀ ਰਸਤਾ ਦਿਖਾਉਣ ਲਈ ਬਹੁਤ ਵੱਡੀ ਦੇਣ ਹੈ, ਇਸ ਲਈ ਐਨ.ਸੀ.ਸੀ ਨੂੰ ਬਦਲਵੇਂ ਪ੍ਰਬੰਧ ਕਰਕੇ ਦੇਣ ਉਪਰੰਤ ਸਾਹਿਤ ਸਦਨ ਖਾਲੀ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਆਖਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਮੰਤਰੀ ਵਿਦੇਸ਼ੀ ਦੌਰੇ ਨਹੀਂ ਕਰਦੇ ਸਗੋਂ ਸਰਕਾਰੀ ਸਕੂਲਾਂ ਦੇ ਅਧਿਆਪਕ ਟ੍ਰੇਨਿੰਗ ਲਈ ਵਿਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ।
ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਵਿਦਾਇਗੀ ਭਾਸ਼ਨ ‘ਚ ਇੱਕ ਮਹੀਨੇ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਪੰਜਾਬੀ ਮਾਹ-2024 ਦੀ ਸ਼ੁਰੂਆਤ ਬੜੇ ਖੁਸ਼ਨੁਮਾ ਤੇ ਤਸੱਲੀਬਖਸ਼ ਅੰਦਾਜ਼ ‘ਚ ਹੋਈ ਤੇ ਵਿਭਾਗ ਨੇ ਕਈ ਮੱਲਾਂ ਮਾਰੀਆਂ।
ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਭਾਸ਼ਾ ਵਿਭਾਗ ਕੋਲ ਦੁਨੀਆ ਦੇ ਸਾਹਿਤ ਦਾ ਅਨਮੋਲ ਖ਼ਜ਼ਾਨਾ ਪਿਆ ਹੈ ਜਿਸ ਨੂੰ ਵੱਧ ਤੋਂ ਪ੍ਰਕਾਸ਼ਿਤ ਕਰਕੇ ਪਾਠਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਵਿਸ਼ਵ ਦੇ ਚੋਟੀ ਦੇ ਸਾਹਿਤ ਨੂੰ ਵੀ ਪੰਜਾਬੀ ‘ਚ ਅਨੁਵਾਦ ਕਰਕੇ, ਪ੍ਰਕਾਸ਼ਿਤ ਕਰਨਾ ਚਾਹੀਦਾ ਹੈ। ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਪ੍ਰਧਾਨਗੀ ਭਾਸ਼ਣ ‘ਚ ਕਿਹਾ ਪੰਜਾਬੀ ਮਿਠਾਸ, ਮੁਹੱਬਤ ਤੇ ਸਾਂਝਾ ਵੰਡਣ ਵਾਲੀ ਭਾਸ਼ਾ ਹੈ ਤੇ ਇਸ ਭਾਸ਼ਾ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਜੀਵਨ ਦੇ ਹਰ ਪੜਾਅ ਨਾਲ ਸਬੰਧਤ ਸਾਹਿਤ ਮਿਲਦਾ ਹੈ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।
ਇਸ ਮੌਕੇ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਆਲੋਕ ਚਾਵਲਾ, ਸੁਖਪ੍ਰੀਤ ਕੌਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ ਅਤੇ ਵੱਖ-ਵੱਖ ਜ਼ਿਲਿਆਂ ਦੇ ਭਾਸ਼ਾ ਅਫ਼ਸਰ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।
ਸਮਾਗਮ ਦੌਰਾਨ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ।ਗਾਇਕ ਸੁਨੀਲ ਸਿੰਘ ਡੋਗਰਾ ਤੇ ਸਾਥੀਆਂ ਨੇ ਸੰਗੀਤਕ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਦੇਸ਼-ਵਿਦੇਸ਼ ‘ਚ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਲਈ ਸਰਗਰਮ ਅਜਾਇਬ ਸਿੰਘ ਚੱਠਾ, ਵਿਭਾਗ ਦੇ ਕਰਮਚਾਰੀ ਮਨਜੀਤ ਸਿੰਘ ਸਪਾਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਪੁਰਸਕਾਰ ਜੇਤੂਆਂ ਦੀ ਸੂਚੀ-
ਭਾਸ਼ਾ ਵਿਭਾਗ ਵੱਲੋਂ ਆਯੋਜਤ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਰੋਹ ਮੌਕੇ ਹਿੰਦੀ ਦੇ ਸਾਲ 2023 ਨਾਲ ਸਬੰਧਤ ਸਰਵੋਤਮ ਹਿੰਦੀ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਡਾ. ਅਮਰਜੀਤ ਕੌਂਕੇ ਦੀ ਪੁਸਤਕ ‘ਆਕਾਸ਼ ਕੇ ਪੰਨੇ ਪਰ’ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਯਸ਼ਪਾਲ ਸ਼ਰਮਾ ਦੀ ਪੁਸਤਕ ‘ਬਸੰਤੀ ਲੋਟ ਆਈ ਹੈ’ ਨੂੰ, ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ਡਾ. ਦਰਸ਼ਨ ਤ੍ਰਿਪਾਠੀ ਦੀ ਪੁਸਤਕ ‘ਔਰ ਸ਼ਮਾਂ ਜਲਤੀ ਰਹੀ’ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਡਾ. ਵੀਣਾ ਵਿਜ ਦੀ ਪੁਸਤਕ ‘ਛੁਟ-ਪੁਟ ਅਫਸਾਨੇ’ ਨੂੰ ਅਤੇ ਬਾਲ ਸਾਹਿਤਯ ਪੁਰਸਕਾਰ ਸੁਕਰੀਤੀ ਭਟਨਾਗਰ ਦੀ ਪੁਸਤਕ ‘ਧਰੋਹਰ’ ਨੂੰ ਪ੍ਰਦਾਨ ਕੀਤਾ ਗਿਆ। ਸਾਲ 2024 ਦੀਆਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਡਾ. ਬਲਵਿੰਦਰ ਸਿੰਘ ਦੀ ਪੁਸਤਕ ‘ਉਮੀਦ ਕੀ ਹਥੇਲੀਆਂ’ ਨੂੰ, ਸੁਦਰਸ਼ਨ ਪੁਰਸਕਾਰ (ਕਹਾਣੀ/ਨਾਵਲ) ਰਾਘਵੇਂਦ੍ਰ ਸੈਣੀ ਦੀ ਪੁਸਤਕ ‘ਚੁਨੌਤੀਆਂ’ ਨੂੰ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ਮਨੋਜ ਕੁਮਾਰ ਪ੍ਰੀਤ ਦੀ ਪੁਸਤਕ ‘ਬਾਬਾ ਬੁੱਲੇਸ਼ਾਹ’ ਨੂੰ, ਬਾਲ ਸਾਹਿਤਯ ਪੁਰਸਕਾਰ ਡਾ. ਫਕੀਰ ਚੰਦ ਸ਼ੁਕਲਾ ਦੀ ਪੁਸਤਕ ‘ਸਫਲਤਾ ਕਦਮ ਚੁੰਮੇਗੀ’ ਨੂੰ ਪ੍ਰਦਾਨ ਕੀਤਾ ਗਿਆ।
ਸਾਲ 2024 ਦੇ ਉਰਦੂ ਭਾਸ਼ਾ ਨਾਲ ਸਬੰਧਤ ਸਰਵੋਤਮ ਸੰਸਕ੍ਰਿਤ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ/ਇਕਾਂਗੀ) ਮਲਕੀਤ ਸਿੰਘ ਮਛਾਣਾ ਦੀ ਪੁਸਤਕ ‘ਜੰਬੀਲ-ਏ-ਰੰਗ’ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਡਾ. ਸ਼ਸ਼ੀਕਾਂਤ ਉੱਪਲ ਦੀ ਪੁਸਤਕ ‘ਰੌਸ਼ਨੀ ਕਾ ਸਫ਼ਰ’ ਨੂੰ, ਹਾਫਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ) ਡਾ. ਇਮਰਾਨਾ ਖਾਤੂਨ ਦੀ ਪੁਸਤਕ ‘ਉਰਦੂ ਰੁਬਾਈ ਮੇਂ ਇਨਸਾਨੀ ਅਕਦਾਰ ਕੀ ਤਲਾਸ਼’ ਨੂੰ ਅਤੇ ਕਨ÷ ੱਈਆ ਲਾਲ ਕਪੂਰ ਪੁਰਸਕਾਰ (ਨਸਰ) ‘ਜਨਾਬ ਮੁਹੰਮਦ ਬਸ਼ੀਰ ਮਾਲੇਰਕੋਟਲਵੀ’ ਦੀ ਪੁਸਤਕ ਅਜ਼ਕਾਰ (ਖਾਕੇ) ਨੂੰ ਪ੍ਰਦਾਨ ਕੀਤਾ ਗਿਆ।
ਸੰਸਕ੍ਰਿਤ ਦਾ ਸਾਲ 2022 ਨਾਲ ਸਬੰਧਤ ਕਾਲੀਦਾਸ ਪੁਰਸਕਾਰ ਡਾ. ਸਰਲਾ ਭਾਰਦਵਾਜ ਦੀ ਪੁਸਤਕ ‘ਸੰਸਕ੍ਰਿਤ ਸਾਹਿਤਯ ਮੇਂ ਨੈਤਿਕ ਮੁਲਯ ਐਵਮ ਰਾਸ਼ਟਰੀਆ ਚੇਤਨਾ’ ਨੂੰ ਅਤੇ ਸਾਲ 2023 ਦਾ ਕਾਲੀਦਾਸ ਪੁਰਸਕਾਰ ਮੋਹਨ ਲਾਲ ਸ਼ਰਮਾ ਦੀ ਪੁਸਤਕ ‘ਕੇਚਨ ਭਾਰਤੀਆ ਵਿਗਿਆਨਕ’ ਨੂੰ ਪ੍ਰਦਾਨ ਕੀਤਾ ਗਿਆ।

About The Author

Leave a Reply

Your email address will not be published. Required fields are marked *

You may have missed