ਕੇਂਦਰੀ ਸਰਕਾਰ ਵਲੋਂ ਦੇਸ ਅੰਦਰ ਬਾਲ ਵਿਆਹ ਵਰਤਾਰੇ ਨੂੰ ਠੱਲ ਪਾਉਣ ਤੋਂ ਰੋਕਣ ਲਈ ਮੁਹਿੰਮ ਵਿੱਢਣ ਦਾ ਫੈਸਲਾ ਸਵਾਗਤਯੋਗ : ਪ੍ਰੋ. ਬਡੁੰਗਰ
ਪਟਿਆਲਾ, 28 ਨਵੰਬਰ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕੇਂਦਰੀ ਸਰਕਾਰ ਵਲੋਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰੀ ਬਾਲ ਭਾਈ ਵਿਭਾਗ ਨੂੰ ਦੇਸ ਅੰਦਰ ਵੱਧ ਰਹੇ ਬਾਲ ਵਿਆਹ ਵਰਤਾਰੇ ਨੂੰ ਠੱਲ ਪਾਉਣ ਤੋਂ ਰੋਕਣ ਲਈ ਇਕ ਮੁਹਿੰਮ ਵਿੱਢਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਭਾਵੇਂ ਬਾਲ ਵਿਆਹ ਰੋਕੂ ਕਨੂੰਨ ਤਾਂ 14 ਨਵੰਬਰ 1949 ਤੋਂ ਲਾਗੂ ਕੀਤਾ ਹੋਇਆ ਹੈ, ਪਰ ਇਸ ਉੱਤੇ ਕਦੀ ਚੰਗੀ ਤਰ੍ਹਾਂ ਅਮਲ ਨਹੀਂ ਕੀਤਾ ਗਿਆ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੀ ਕੋਈ ਬਹੁਤਾ ਉਪਰਾਲਾ ਨਹੀਂ ਕੀਤਾ।
ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਮਾਨਵ ਵਿਰੋਧੀ ਵਰਤਾਰੇ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਸਰਕਾਰਾਂ ਦੀਆਂ ਸੰਬੰਧਤ ਏਜੰਸੀਆਂ ਨੂੰ ਸਰਗਰਮ ਕਰਨ ਦੇ ਨਾਲ ਨਾਲ ਦੇਸ ਅੰਦਰ ਕਾਰਜਸ਼ੀਲ ਅਨੇਕਾਂ ਹੀ ਸਭਾ, ਸੁਸਾਇਟੀਆਂ, ਸਮਾਜਸੇਵੀ ਸੰਸਥਾਵਾਂ ਆਦਿ ਨੂੰ ਵੀ ਦੇਸ ਵਿਆਪੀ ਮੁਹਿੰਮ ਵਿਚ ਸਰਗਰਮੀ ਨਾਲ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਜਾਵੇ, ਤਾਂ ਹੀ ਇਕ ਲੋਕ ਲਹਿਰ ਬਣ ਸਕੇਗੀ। ਜਿਸ ਨਾਲ ਉਨ੍ਹਾਂ ਅਨੇਕਾਂ ਗਰੀਬ ਅਤੇ ਅਨਾਥ ਬੱਚੀਆਂ ਨੂੰ ਸਮਾਜਿਕ ਧੱਕੇ ਤੋਂ ਬਚਾਇਆ ਜਾ ਸਕੇਗਾ। ਸਾਡਾ ਸਮਾਜ ਇਸ ਕਲੰਕ ਤੋਂ ਸੁਰਖਰੂ ਹੋ ਸਕੇਗਾ।