ਜ਼ਿਲ੍ਹਾ ਰੋਜ਼ਗਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਵੱਲੋਂ ਸਰਕਾਰੀ ਸਕੂਲਾਂ ’ਚ ਕਰਵਾਏ ਮਾਸ ਕਾਊਂਸਲਿੰਗ ਪ੍ਰੋਗਰਾਮ
ਹੁਸ਼ਿਆਰਪੁਰ, 26 ਨਵੰਬਰ 2024: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਕਰੀ ਵਿਖੇ ਦਸਵੀਂ, ਗਿਆਰਵੀਂ ਅਤੇ ਬਾਰਵੀਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਸਬੰਧੀ ਮਾਸ ਕਾਊਂਸਲਿੰਗ ਪ੍ਰੋਗਰਾਮ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਕਾਊਂਸਲਿੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਰੋਜ਼ਗਾਰ ਬਿਊਰੋ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਯੰਗ ਪ੍ਰੋਫੈਸ਼ਨਲ ਵਿਕਰਮ ਸਿੰਘ ਨੇ ਪਲੇਸਮੈਂਟ ਸੈੱਲ ਦੁਆਰਾ ਕੀਤੇ ਜਾਂਦੇ ਨੌਕਰੀਆਂ ਦੇ ਉਪਰਾਲੇ, ਵਿਦਿਆਰਥੀਆਂ ਨੂੰ ਨੈਸ਼ਨਲ ਕਰੀਅਰ ਸਰਵਿਸਜ਼ ਪੋਰਟਲ ’ਤੇ ਸਰਕਾਰੀ ਸੇਵਾਵਾਂ ਬਾਰੇ, ਰੋਜ਼ਗਾਰ ਬਿਊਰੋ ਵੱਲੋਂ ਦਿੱਤੀ ਜਾਂਦੀ ਮੁਫ਼ਤ ਇੰਟਰਨੈੱਟ ਸੁਵਿਧਾ, ਸਵੈ-ਰੋਜ਼ਗਾਰ ਸਕੀਮਾਂ, ਸ਼ਾਰਟ-ਟਰਮ ਤਕਨੀਕੀ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਰਕਾਰੀ ਅਤੇ ਬੈਂਕਿੰਗ ਸੈਕਟਰ ਦੀਆਂ ਨੌਕਰੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਦਫਤਰ ਤੋਂ ਵਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਫਤਰ ਦੀ ਮੋਬਾਇਲ ਐਪ ਡੀਬੀਈਈ ਆਨਲਾਈਨ ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਕੇ ਘਰ ਬੈਠੇ ਹੀ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਸੈਸ਼ਨ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਅਦਾਰਿਆ ਜਿਵੇਂ ਕਿ ਜ਼ਿਲ੍ਹਾ ਉਦਯੋਗਿਕ ਕੇਂਦਰ, ਫੂਡ ਕਰਾਫਟ ਇੰਸਟੀਚਿਊਟ, ਪੋਲੀਟੈਕਨੀਕਲ ਕਾਲਜ, ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਰਕਾਰੀ ਆਈ.ਟੀ.ਆਈ. ਤੋਂ ਆਏ ਹੋਏ ਨੁਮਾਇੰਦਿਆਂ ਨੇ ਬੱਚਿਆਂ ਨੂੰ ਵੱਖ-ਵੱਖ ਸਟ੍ਰੀਮਾਂ ਦੀ ਪੜ੍ਹਾਈ ਜਿਵੇਂ ਕਿ ਆਈ.ਟੀ.ਆਈ. ਕੋਰਸਾਂ, ਹੋਟਲ ਮੈਨੇਜ਼ਮੈਟ ਡਿਪਲੋਮਾ, ਪੋਲੀਟੈਕਨੀਕਲ ਡਿਪਲੋਮਾ ਅਤੇ ਸਵੈ-ਰੋਜ਼ਗਾਰ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮਾਸ ਕਾਊਂਸਲਿੰਗ ਪ੍ਰੋਗਰਾਮ ਦੌਰਾਨ ਸਬੰਧਤ 8 ਸਕੂਲਾਂ ਦੇ ਸਮੂਹ ਸਟਾਫ ਅਤੇ ਤਕਰੀਬਨ 395 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਇਸ ਪ੍ਰੋਗਰਾਮ ਵਿੱਚ ਭਾਗ ਲਿਆ।